Header Ads

ਸਿੰਘ ਭੋਜਨ ਵਿਵਾਦ ਮਾਸ ਦਾ ਭਾਈ ਇੰਦਰ ਸਿੰਘ ਘੱਗਾ

ਸਿੰਘ ਭੋਜਨ–ਵਿਵਾਦ ਮਾਸ ਦਾ-ਪ੍ਰੋ. ਇੰਦਰ ਸਿੰਘ ਘੱਗਾ

ਸਿੰਘ ਭੋਜਨ-ਵਿਵਾਦ ਮਾਸ ਦਾ-ਪ੍ਰੋ. ਇੰਦਰ ਸਿੰਘ ਘੱਗਾ

ਸਤਿਗੁਰੂ ਸਾਹਿਬ ਜੀ ਨੇ ਪਵਿੱਤਰ ਗੁਰਬਾਣੀ ਰਾਹੀਂ ਜੋ ਉਪਦੇਸ਼ ਦਿੱਤੇ, ਉਹ ਸਰਬਦੇਸ਼ੀ ਤੇ ਸਰਬਕਾਲੀ ਹਨ। ਕੋਈ ਵਿਚਾਰ ਗੁਰਬਾਣੀ ਵਿੱਚ ਅਜਿਹਾ ਨਹੀਂ ਮਿਲੇਗਾ ਜੋ ਇੱਕ ਮਨੁੱਖ ਦੀ ਜਿੰਦਗੀ ਨੂੰ ਰਾਸ ਆਉਂਦਾ ਹੋਵੇ, ਤੇ ਦੁਜੇ ਨੂੰ ਮੁਆਫਕ ਨਾ ਬੈਠਦਾ ਹੋਵੇ। ਮਿਸਾਲ ਲਈ ਵੇਖੋ ਗੁਰੂ ਨਾਨਕ ਸਾਹਿਬ ਜੀ ਨੇ ਲੋੜ ਵਕਤ ਉਦਾਸੀਆਂ ਵੇਲੇ ਪਹਿਲਾਂ ਗੇਰੂਏਂ (ਭਗਵੇਂ) ਬਸਤਰ ਪਹਿਨੇ। ਹਿਮਾਲਾ ਪਰਬਤ ਵੱਲ ਦੀ ਫੇਰੀ ਵਕਤ, ਕਿਉਂਕਿ ਬਰਫਾਨੀ ਇਲਾਕੇ ਦੀ ਯਾਤਰਾ ਕਰਨੀ ਸੀ, ਚਮੜੇ ਦੇ ਸੂਟ ਬੂਟ ਤਿਆਰ ਕਰਵਾਏ, ਪਹਿਨੇ। ਮੱਕੇ ਵੱਲ ਦੀ ਯਾਤਰਾ ਵਕਤ ‘ਨੀਲ ਬਸਤਰ ਧਾਰੇ ਬਨਵਾਰੀ’, ਭਾਵ ਹਾਜੀ ਮੁਸਲਮਾਨਾਂ ਵਾਲਾ ਪਹਿਰਾਵਾ ਪਹਿਨ ਲਿਆ। ਹੱਥ ਵਿੱਚ ਮਜਬੂਤ ਡਾਂਗ, ਮੋਢੇ ਤੇ ਸਾਮਾਨ ਵਾਲਾ ਥੈਲਾ, ਨਿਵਾਜ ਪੜ੍ਹਨ ਵਾਲਾ ਮੁਸੱਲਾ (ਕੱਪੜਾ) ਆਦਿ। ਵਾਪਸ ਪਰਤ ਕੇ ‘ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ’, ਦੇ ਵਾਕ ਮੁਤਾਬਕ ਆਮ ਦੁਨੀਆਦਾਰ ਗ੍ਰਿਸਤੀ ਲੋਕਾਂ ਵਾਲੇ ਕੱਪੜੇ ਪਾ ਲਏ, ਤੇ ਮੰਜੀ ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਕਰਨ ਲੱਗ ਪਏ। ਇਸੇ ਲਈ ਸਿੱਖਾਂ ਉਪਰ ਪੰਜ ਕਕਾਰਾਂ ਦੀ ਵਰਦੀ ਦਾ ਧਾਰਨੀ ਹੋਣਾ ਤਾਂ ਲਾਜਮੀ ਹੈ, ਪਰ ਬਾਕੀ ਪਹਿਰਾਵੇ ਬਾਬਤ ਕੋਈ ਪਾਬੰਦੀ ਨਹੀਂ ਹੈ। ਇਹ ਜ਼ਰੂਰ ਧਿਆਨ ਵਿੱਚ ਰਹੇ ਕਿ ਚਿੰਨ੍ਹ ਜਾਂ ਨਿਸ਼ਾਨੀਆਂ ਧਰਮ ਨਹੀਂ ਹਨ, ਸਮੇਂ ਦੀ ਲੋੜ ਮੁਤਾਬਕ ਜਿਥੇ ਹੋਰ ਬਹੁਤ ਕੁੱਝ ਬਦਲ ਗਿਆ ਹੈ, ਉਥੇ ਕਕਾਰਾਂ ’ਤੇ ਭੀ ਵਿਚਾਰ ਕਰਨੀ ਜ਼ਰੂਰੀ ਹੈ। ਜੇ ਅਜਿਹੀ ਪਾਬੰਦੀ ਆਇਦ ਕਰ ਦਿੱਤੀ ਜਾਵੇ, ਤਾਂ ਦੁਨੀਆਂ ਦੇ ਪੌਣ ਪਾਣੀ ਮੁਤਾਬਕ, ਮੌਸਮ ਅਨੁਸਾਰ, ਸਿੱਖ ਲਈ ਜੀਵਨ ਬਤੀਤ ਕਰਨਾ ਕਠਿਨ ਹੋ ਜਾਵੇਗਾ। ਇਸੇ ਤਰ੍ਹਾਂ ਖਾਣ ਪੀਣ ਤੇ ਸਤਿਗੁਰੂ ਜੀ ਨੇ ਕੋਈ ਪਾਬੰਦੀ ਨਹੀਂ ਲਾਈ। ਹਾਂ ਨਸ਼ਿਆਂ ਦੀ ਸਖਤ ਮਨਾਹੀ ਕੀਤੀ ਗਈ ਹੈ, ਕਿਉਂਕਿ ਇਹ ਜ਼ਿੰਦਗੀ ਤਬਾਹ ਕਰ ਦਿੰਦੇ ਹਨ। ਖਾਣ ਪੀਣ ਬਾਰੇ ਸਭ ਤੇ ਲਾਗੂ ਹੋਣ ਵਾਲਾ ਸਤਿਗੁਰੂ ਜੀ ਕਾ ਫੁਰਮਾਨ ਹੈ:-
ਅਧਿਕ ਸੁਆਦ ਰੋਗ ਅਧਿਕਾਈ, ਬਿਨੁ ਗੁਰ ਸਹਜੁ ਨ ਪਾਇਆ॥ (1255)
ਗੁਰਬਾਣੀ ਨਾਲ ਸਬੰਧਤ ਅਤੇ ਇਤਿਹਾਸ ਬਾਰੇ ਸੈਂਕੜੇ ਵਿਸ਼ੇ ਅਣਛੋਹੇ ਪਏ ਹਨ। ਜਿਨ੍ਹਾਂ ਦੀ ਵਿਆਖਿਆ ਲਈ ਅਣਗਿਣਤ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਮਿਸਾਲ ਲਈ – ਗੁਰਬਾਣੀ ਰਚੈਤਾ ਭਗਤਾਂ ਮਹਾਂਪੁਰਖਾਂ ਬਾਰੇ ਤੀਹ ਪੁਸਤਕਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰਿਸ਼ਤੇ ਅਤੇ ਔਰਤ ਦੀ ਬਰਾਬਰੀ। ਧਰਮ ਪ੍ਰਚਾਰ ਬਾਰੇ, ਸਿੱਖ ਰਾਜਨੀਤੀ ਬਾਰੇ, ਦੇਸ਼ ਵਿਦੇਸ਼ ਵਿਚਲੇ ਸਿੱਖਾਂ ਦੇ ਮਸਲਿਆਂ ਬਾਰੇ, ਸੰਸਾਰ ਨੂੰ ਗੁਰਬਾਣੀ ਕੀ ਸਾਂਝਾ ਉਪਦੇਸ਼ ਦਿੰਦੀ ਹੈ ਆਦਿ? ਅਫਸੋਸ ਕਿ ਇਸ ਪਾਸੇ ਕਿਸੇ ਨੇ ਖੇਚਲ ਨਹੀਂ ਕੀਤੀ। ਹਾਂ ਮਾਸ ਬਾਰੇ ਹੱਕ ਅਤੇ ਵਿਰੋਧ ਵਿੱਚ ਕਰੀਬ ਪੰਜ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ। ਇਉਂ ਪ੍ਰਤੀਤ ਹੁੰਦਾ ਹੈ ਕਿ ਸਿੱਖ ਸਮਾਜ (ਨਹੀਂ ਸਿੱਖ ਲੇਖਕ?) ਸਰੀਰੀ ਪੱਧਰ ਤੋਂ ਉ੍ਯੱਪਰ ਨਹੀਂ ਉ੍ਯੱਠ ਸਕਿਆ। ਇੱਕੀਵੀਂ ਸਦੀ, ਕੰਪਿਊਟਰੀ ਜੁੱਗ, ਦੁਨੀਆਂ ਰਾਕਟ ਦੀ ਸਪੀਡ ਨਾਲ ਅੱਗੇ ਵੱਧ ਰਹੀ ਹੈ, ਤੇ ਅਸੀਂ ਹਾਲੀ ਤੱਕ ਪੁਰਾਣੇ ਗੱਡੇ ਤੇ ਹੀ ਸਵਾਰ ਹਾਂ। ਸਿੱਖ ਪ੍ਰਚਾਰਕਾਂ ਤੋਂ ਪੁੱਛੇ ਜਾਣ ਵਾਲੇ ਸਵਾਲ ਭੀ ਬੜੇ ਬੌਣੇ ਜਿਹੇ ਹੀ ਹੁੰਦੇ ਹਨ। ਫਿਰ ਉਹਨਾਂ ਦੇ ਜੁਆਬ ਦੇਣ ਵਾਲੇ ਕਿੱਥੋਂ ਗੁਰਮਤਿ ਪੜ੍ਹਕੇ ਆਏ ਹਨ? ਧਾਰਮਕ ਅਤੇ ਦੁਨੀਆਵੀਂ ਵਿੱਦਿਆ ਕਿਸ ਪੱਧਰ ਦੀ ਹੈ? ਇਹ ਪੱਖ ਨਾਂ ਹੀ ਛੋਹਿਆ ਜਾਵੇ ਤਾਂ ਬਿਹਤਰ ਰਹੇਗਾ।
ਸਤਿਗੁਰੂ ਜੀ ਦੀ ਵਿਚਾਰਧਾਰਾ ਨੂੰ ਓਪਰੀ ਨਜਰੇ ਨਹੀਂ ਗਹਿਰਾਈ ਵਿੱਚ ਉਤਰ ਕੇ ਸਮਝਣ ਦਾ ਜਤਨ ਕਰੀਏ। ਮਹਾਂਪੁਰਖ ਨੇਕ ਜੀਵਨ ਵਾਲੇ ਭਗਤ ਰਵਿਦਾਸ ਜਾਤ ਪੱਖੋਂ ਚਮਾਰ, ਮਰੇ ਪਸ਼ੂ ਢੋਣ ਵਾਲੇ। ਉਹਨਾਂ ਬਦਬੂ ਮਾਰਦੇ ਮੁਰਦਾ ਪਸ਼ੂਆਂ ਦੀਆਂ ਖੱਲਾਂ ਉਤਾਰਦੇ ਲੋਕਾਂ ਦੀਆਂ ਜੁੱਤੀਆਂ ਬਣਾਉਂਦੇ, ਮੁਰਦਾ ਪਸ਼ੂਆਂ ਦੀ ਰਹਿੰਦ ਖੂੰਹਦ, ਹੱਡੀਆਂ ਆਦਿ ਲੇਖੇ ਲਾਉਣ ਵਾਲੇ। ਗੁਰੂ ਨਾਨਕ ਸਾਹਿਬ ਜੀ ਨੂੰ ਉਹ ਨੀਚ ਨਜ਼ਰ ਨਹੀਂ ਆਏ, ਪਿਆਰ ਕਲਾਵੇ ਵਿੱਚ ਲਿਆ, ਉਹਨਾਂ ਦੇ ਬਚਨਾਂ (ਬਾਣੀ) ਨੂੰ ਆਪਣੀ ਬਾਣੀ ਨਾਲ ਉਤਾਰਾ ਕਰਕੇ ਹਿੱਕ ਨਾਲ ਲਾ ਲਿਆ। ਭਗਤ ਸਧਨਾ ਜੀ ਜਾਨਵਰ ਮਾਰ ਕੇ, ਮਾਸ ਵੇਚਣ ਦਾ ਕੰਮ ਕਰਦੇ ਸਨ, ਮਾਸ ਦੀ ਦੁਕਾਨ, ਲੋਕਾਂ ਨੂੰ ਮਾਸ ਵੇਚਦੇ ਹੋਣ, ਤੇ ਖੁਦ ਨਾ ਖਾਂਦੇ ਹੋਵਣ? ਸਤਿਗੁਰੂ ਜੀ ਨੇ ਇਸ ਕਿੱਤੇ ਕਾਰਨ ਸਧਨਾ ਜੀ ਨਾਲ ਕੋਈ ਨਫ਼ਰਤ ਨਹੀਂ ਕੀਤੀ। ਸਤਿਕਾਰ ਸਹਿਤ ਉਹਨਾਂ ਦੀ ਬਾਣੀ ਦਾ ਉਤਾਰਾ ਕਰਕੇ ਸਾਂਭ ਲਿਆ। ਬਾਬਾ ਸ਼ੇਖ ਫਰੀਦ ਜੀ, ਪੱਕੇ ਮੁਸਲਮਾਨ, ਹਲਾਲ ਕੀਤਾ ਮਾਸ ਖਾਣ ਵਾਲੇ, ਸ਼ਰ੍ਹਾ ਦੇ ਪਾਬੰਦ, ਸਤਿਗੁਰੂ ਜੀ ਨੂੰ ਬਹੁਤ ਚੰਗੇ ਲਗਦੇ ਹਨ, ਉਹਨਾਂ ਦੀ ਬਾਣੀ ਭੀ ਆਪਣੇ ਕੋਲ ਸਾਂਭ ਲਈ। ਸ਼ੇਖ ਭੀਖਨ ਜੀ ਪੱਕੇ ਸ਼ਰ੍ਹਈ ਮੁਸਲਮਾਨ ਉਹ ਭੀ ਸਤਿਗੁਰੂ ਜੀ ਨਾਲ ਬਿਰਾਜਮਾਨ ਹਨ। ਸਮਾਂ ਆਉਣ ਤੇ ਇਹਨਾਂ ਦੀ ਪਵਿੱਤਰ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੁੱਟ ਅੰਗ ਬਣ ਸਕੀ। ਸਾਈਂ ਮੀਆਂ ਮੀਰ ਜੀ (ਪ੍ਰਚਲਤ ਰਵਾਇਤ ਮੁਤਾਬਕ) ਗੁਰੂ ਘਰ ਵਿੱਚ ਸਤਿਕਾਰਯੋਗ ਹਨ। ਇੱਕ ਪੱਕੇ ਮੁਸਲਮਾਨ ਹਲਾਲ ਕੀਤਾ ਮਾਸ ਖਾਣ ਵਾਲੇ, ਪੰਜਵੇਂ ਨਾਨਕ ਨੇ ਬੇਅੰਤ ਸਤਿਕਾਰ ਦਿੱਤਾ ਉਹਨਾਂ ਨੂੰ, ਦਵੈਤ ਰਾਈ ਮਾਤਰ ਭੀ ਨਹੀਂ। ਪੈਂਦੇ ਖਾਨ ਛੇਵੇਂ ਨਾਨਕ ਜੀ ਦਾ ਨਜ਼ਰੇ ਕਰਮ ਰਿਹਾ, ਉਹਨੂੰ ਸਾਰੀਆਂ ਮੁਸਲਮਾਨੀ ਰੀਤਾਂ ਨਿਭਾਉਣ ਦੀ ਪੂਰੀ ਆਜ਼ਾਦੀ ਸੀ। ਮੁਹਿਸਨਫਾਨੀ ਛੇਵੇਂ ਸਤਿਗੁਰੂ ਜੀ ਦਾ ਬਹੁਤ ਸਤਿਕਾਰ ਕਰਦਾ ਸੀ। ਸਤਿਗੁਰੂ ਜੀ ਉਸ ਨਾਲ ਚੰਗੇ ਦੋਸਤ ਵਰਗਾ ਵਿਹਾਰ ਕਰਦੇ ਸਨ। ਭਾਰਤ ਦਾ ਸਮਰਾਟ ਅਕਬਰ ਤੇ ਜਹਾਂਗੀਰ ਗੁਰੂ ਘਰ ਵਿੱਚ ਮਾਣ ਪਾਉਂਦੇ ਰਹੇ ਹਨ। ਕਈ ਵਾਰੀ ਉਹਨਾਂ ਵੱਲੋਂ ਗੁਰੂ ਘਰ ਨੂੰ ਭੇਟਾਵਾਂ ਭੀ ਅਰਪਣ ਕੀਤੀਆਂ ਜਾਂਦੀਆਂ ਸਨ। ਰੋਪੜ ਨੇੜੇ ਪਿੰਡ ਕੋਟਲੇ ਦਾ ਵਾਸੀ ਨਿਹੰਗ ਖਾਂ, ਨੌਵੇਂ ਸਤਿਗੁਰੂ ਜੀ ਦਾ ਸੇਵਕ ਸੀ। ਦਸਵੇਂ ਪਾਤਸ਼ਾਹ ਦੀ ਸਲਾਮਤੀ ਵਾਸਤੇ ਇਸ ਨੇ ਬੜੇ ਕੰਮ ਕੀਤੇ। ਨਿਹੰਗ ਖਾਂ ਦੇ ਪੁੱਤਰ ਦੇ ਵਿਆਹ ਵਕਤ, ਦਸਮ ਪਾਤਸ਼ਾਹ ਕਈ ਦਿਨ ਇਸ ਦੇ ਘਰ ਠਹਿਰੇ, ਸਿੱਖਾਂ ਦੇ ਜੱਥੇ ਸਮੇਤ। ਭਾਈ ਬਚਿੱਤਰ ਸਿੰਘ ਜੀ 1705 ਦਸੰਬਰ ਵਿੱਚ, ਸਰਸਾ ਕਿਨਾਰੇ ਜੰਗ ਵਿੱਚ ਸਖ਼ਤ ਜ਼ਖਮੀ ਹੋ ਗਏ ਸਨ। ਨਿਹੰਗ ਖਾਂ ਦੇ ਘਰ ਕਈ ਦਿਨ ਤੱਕ ਇੱਥੇ ਹੀ ਇਲਾਜ ਕਰਾਉਂਦੇ ਰਹੇ, ਪ੍ਰਸ਼ਾਦਾ ਪਾਣੀ ਛਕਦੇ ਰਹੇ। ਸ਼ੱਕ ਪੈਣ ਤੇ ਗਸ਼ਤੀ ਟੋਲੀ ਨੂੰ ਆਪਣਾ ਦਾਮਾਦ ਦੱਸ ਕੇ ਇਸ ਦੀ ਜਾਨ ਬਚਾਈ। ਇਸੇ ਪ੍ਰੇਮੀ ਨਿਹੰਗ ਖਾਂ ਦੇ ਸਕੇ ਭਾਣਜੇ, ਨਬੀ ਖ਼ਾਂ-ਗਨੀ ਖ਼ਾਂ ਦਸਮ ਪਾਤਿਸ਼ਾਹ ਜੀ ਨੂੰ ਖਤਰਿਆਂ ਵਿੱਚੋਂ ਸਹੀ ਸਲਾਮਤ ਬਚਾ ਕੇ ਲੈ ਗਏ ਸਨ। ਰਾਏ ਕੋਟ ਵਿਖੇ ਜਿੱਥੇ ਸਤਿਗੁਰੂ ਕਈ ਦਿਨ ਠਹਿਰੇ ਸਨ, ਉਹ ਰਾਏ ਕਲਾ ਨਿਹੰਗ ਖ਼ਾਂ ਦਾ ਭਹਿਨੋਈ ਸੀ। ਸਤਿਗੁਰੂ ਜੀ ਇਹਨਾਂ ਨਾਲ ਪਿਆਰ ਭਰਿਆ ਸਲੂਕ ਕਰਦੇ ਰਹੇ। ਪੀਰ ਬੁੱਧੂ ਸ਼ਾਹ ਸਤਿਗੁਰੂ ਜੀ ਦਾ ਅਨਿੱਨ ਸੇਵਕ, ਆਪਣੇ ਪੁੱਤਰਾਂ ਅਤੇ ਸੇਵਕਾਂ ਨੂੰ ਵਰ੍ਹਦੀ ਅੱਗ ਵਿੱਚ ਝੋਕ ਦਿੰਦਾ ਹੈ। ਸਤਿਗੁਰੂ ਜੀ ਉਸ ਨੂੰ (ਅੱਧੀ ਦਸਤਾਰ ਦੇ ਕੇ) ਭਰਾ ਬਣਾ ਲੈਂਦੇ ਹਨ, ਨਫਰਤ ਦਾ ਕਿਤੇ ਨਾਮੋ ਨਿਸ਼ਾਨ ਨਹੀਂ। ਨੇਕ ਇਨਸਾਨ ਸ਼ੇਰ ਮੁਹੰਮਦ ਖਾਂ, ਮਲੇਰਕੋਟਲਾ, ਸਤਿਗੁਰੂ ਜੀ ਲਈ ਅਤੇ ਸਾਰੇ ਸਿੱਖ ਜਗਤ ਲਈ ਪੂਜਾ ਦੀ ਹੱਦ ਤੱਕ ਪਰਵਾਨ ਹੈ, ਕਿਉਂ ਜੋ ਉਸਨੇ ਜ਼ੁਲਮ ਦੇ ਵਿਰੁੱਧ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਸੀ। ਉਸ ਵੱਲੋਂ ਕੀਤੇ ਗਏ ਹੋਰ ਅਨੇਕ ਜ਼ੁਲਮ ਨਜ਼ਰ ਅੰਦਾਜ ਕਰ ਦਿੱਤੇ ਗਏ। ਇਹ ਸਾਰੇ ਅਤੇ ਅਣਗਿਣਤ ਹੋਰ ਮੁਸਲਮਾਨ ਗੁਰੂ ਘਰ ਵਿੱਚ ਸਤਿਕਾਰ ਪਾਉਂਦੇ ਰਹੇ। ਅੱਜ ਦੀ ਸਿਤਮ ਜਰੀਫੀ ਵੇਖੋ! ਮਾਸ ਨਾ ਖਾਣ ਵਾਲਾ ਸਿੱਖ, ਮਾਸ ਖਾਣ ਵਾਲੇ ਸਿੱਖ ਨੂੰ ਨਫਰਤ ਭੀ ਕਰਦਾ ਹੈ ਤੇ ਉਸਨੂੰ ਸਿੱਖ ਭੀ ਨਹੀਂ ਸਮਝਦਾ। ਹੈ ਨਾ ਨਿਰੋਲ ਨਾ ਸਮਝੀ ਅਤੇ ਧੱਕੇਸ਼ਾਹੀ ਦਾ ਵਰਤਾਰਾ?
ਸਾਡਾ ਸਾਰਾ ਇਤਿਹਾਸ ਸੂਰਜ ਵਤ ਰੌਸ਼ਨ ਹੈ ਕਿ ਸਤਿਗੁਰੂ ਸਾਹਿਬਾਨ ਖੁਦ ਸ਼ਿਕਾਰ ਕਰਦੇ ਰਹੇ। ਜਾਨਵਰਾਂ ਨੂੰ ਮਾਰ ਸੁੱਟਣਾ ਕੋਈ ਸ਼ੌਕ ਨਹੀਂ ਸੀ, ਅਜਿਹੀ ਸਮੇਂ ਦੀ ਲੋੜ ਸੀ ਉਸ ਤੋਂ ਬਾਅਦ ਸਿੱਖ ਯੋਧੇ ਸ਼ਿਕਾਰ ਕਰਦੇ ਰਹੇ। ਮਹੀਨਿਆਂ ਬੱਧੀ ਤਵੇ ਦੀ ਪੱਕੀ ਰੋਟੀ ਨਸੀਬ ਨਹੀਂ ਹੁੰਦੀ ਸੀ। ਜੋ ਭੀ ਜੰਗਲੀ ਜੀਵ ਹੱਥ ਆਇਆ ਭੁੰਨ ਕੇ ਖਾ ਲੈਣਾ, ਇੱਕ ਆਮ ਵਰਤਾਰਾ ਸੀ। ਮਾਧੋ ਦਾਸ ਨੇ ਦਸਮ ਪਾਤਸ਼ਾਹ ਅੱਗੇ ਇੱਕ ਸ਼ਿਕਵਾ ਕੀਤਾ ਸੀ, ਕਿ ਮੇਰੇ ਪਾਲਤੂ ਜਾਨਵਰ, ਹਿਰਨ ਬੱਕਰੇ ਸਿੱਖਾਂ ਨੇ ਝਟਕਾ ਲਏ ਹਨ… ਇਹ ਬਹੁਤ ਵੱਡਾ ਪਾਪ ਹੋ ਗਿਆ। ਹੁਣ ਮੈਂ ਇਸ ਧਰਮ ਅਸਥਾਨ ਵਿੱਚ ਭਗਤੀ ਕਿਵੇਂ ਕਰਾਂਗਾ? ਜੀਵ ਹੱਤਿਆ ਹੋ ਗਈ, ਅਜਿਹੀ ਅਪਵਿੱਤਰ ਥਾਂ ਨਾਮ ਵਿੱਚ ਮਨ ਕਿਵੇਂ ਟਿਕ ਸਕਦਾ ਹੈ? ਸਤਿਗੁਰੂ ਜੀ ਆਖਣ ਲੱਗੇ, ‘ਮਾਧੋ ਦਾਸ ਹੋਸ਼ ਕਰ, ਜਾਗ! ਤੇਰੇ ਡੇਰੇ ਵਿਚਲੇ ਪਾਲਤੂ ਜਾਨਵਰ ਮਰਨ ਕਾਰਨ ਪਾਪ ਹੋ ਗਿਆ, ਪਰ ਭਾਰਤ ਵਿੱਚ ਵਗ ਰਹੀਆਂ ਖੂਨ ਦੀਆਂ ਨਦੀਆਂ ਤੈਨੂੰ ਨਜ਼ਰ ਹੀ ਨਹੀਂ ਆਈਆਂ? ਸਾਰੀ ਧਰਤੀ ਖੂਨ ਨਾਲ ਰੰਗੀ ਹੋਈ ਤੈਨੂੰ ਨਹੀਂ ਦਿੱਸੀ? ਬੱਚਿਆਂ ਬੁੱਢਿਆਂ ਬੀਬੀਆਂ ਦਾ ਡੁੱਲ੍ਹਿਆ ਖੂਨ ਤੈਨੂੰ ਖੂਨ ਹੀ ਪ੍ਰਤੀਤ ਨਹੀਂ ਹੁੰਦਾ? ਲੱਖਾਂ ਲੋਕ ਅਜਾਈਂ ਮਾਰ ਦਿੱਤੇ ਗਏ, ਧਰਮ ਸਥਾਨ ਢਹਿ ਢੇਰੀ ਕਰ ਦਿੱਤੇ ਗਏ, ਤੂੰ ਇਸ ਡੇਰੇ ਦੀ ਪਵਿੱਤਰਤਾ ਦਾ ਭਰਮ ਪਾਲੀ ਬੈਠਾ ਹੈਂ?… ਮਾਧੋ ਦਾਸ ਦਾ ਹਿਰਦਾ ਕੰਬ ਉ੍ਯੱਠਿਆ, ਹੱਥ ਜੁੜ ਗਏ, ਸਤਿਗੁਰੂ ਜੀ ਦੇ ਚਰਨੀਂ ਢਹਿ ਪਿਆ। ਸਤਿਗੁਰੂ ਜੀ ਨੇ ਗੁਰਮਤਿ ਪੜ੍ਹਾਈ, ਖੰਡੇ ਕੀ ਪਾਹੁਲ ਛਕਾਈ, ਹਥਿਆਰ ਪਹਿਨਾਏ, ਸਿੱਖਾਂ ਦਾ ਜਰਨੈਲ ਥਾਪ ਕੇ ਨਾਮ ਬੰਦਾ ਸਿੰਘ ਰੱਖਕੇ, ਜ਼ਾਲਮਾਂ ਨੂੰ ਸੋਧਣ ਵਾਸਤੇ ਪੰਜਾਬ ਵੱਲ ਵਿਦਾ ਕਰ ਦਿੱਤਾ।
ਅਗਰ ਨਾ ਸਮਝੀ ਕਾਰਨ ਜਾਨਵਰ ਮਾਰਨ ਵਾਲੇ ਪਾਪ ਪੁੰਨ ਦੇ ਚੱਕਰਵਿਊ ਵਿੱਚ ਫਸ ਗਏ ਤਾਂ ਨਿਕਲ ਨਹੀਂ ਸਕਾਂਗੇ। ਗੌਰ ਕਰੋ! ਮੁਸਲਮਾਨ ਲੋਕ ਸੂਰ ਨੂੰ ਛੱਡਕੇ ਬਾਕੀ ਸਭ ਤਰਾਂ ਦਾ ਖਾਣ ਜੋਗ ਮਾਸ ਖਾ ਲੈਂਦੇ ਹਨ। ਦੁਨੀਆਂ ਦਾ ਸਭ ਤੋਂ ਵੱਡਾ ਦੂਜਾ ਧਰਮ ਇਸਲਾਮ ਹੈ। ਸਾਡੇ ਅਨੇਕ ਭਰਾ ਅਰਬ ਦੇਸ਼ਾਂ ਵਿੱਚ ਰੋਜ਼ੀ ਕਮਾਉਣ ਜਾਂਦੇ ਹਨ, ਹਲਾਲ ਮਾਸ ਖਾਣ ਵਾਲਿਆਂ ਦੇ ਅਧੀਨ। ਉਸੇ ਕਮਾਈ ਵਿੱਚੋਂ ਗੁਰਦਵਾਰੇ ਭੇਟਾ ਅਰਪਣ ਕਰਦੇ ਹਨ, ਜਿਸ ਭੇਟਾ ਵਿੱਚੋਂ ਅੱਗੇ ਹੋਰ ਕਈਆਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। ਉਸੇ ਕਮਾਈ ਵਿੱਚੋਂ ਬੱਚਿਆਂ ਦੀ ਪਾਲਣਾ ਕਰਦੇ ਹਨ, ਫਿਰ ਕਿਵੇਂ ਆਖੀਏ ਕਿ ਇਹ ਨਿਰੋਲ ਸ਼ਾਕਾਹਾਰੀ ਹਨ? ਦੂਜੇ ਬੰਨੇ ਗੋਰੇ ਲੋਕ ਸੂਰ ਅਤੇ ਗਊ ਸਮੇਤ ਸਭ ਤਰ੍ਹਾਂ ਦਾ ਮਾਸ ਖਾ ਲੈਂਦੇ ਹਨ। ਮਾਸ ਨੂੰ ਨਫ਼ਰਤ ਕਰਨ ਵਾਲੇ,ਲੱਖਾਂ ਰੁਪੈ ਖਰਚ ਕਰਕੇ ਅਨੇਕ ਪਾਪੜ ਵੇਲ ਕੇ, ਮਾਸ ਖਾਣਿਆਂ ਦੇ ਦੇਸ਼ਾਂ ਵੱਲ ਨੱਸੇ ਚਲੇ ਜਾ ਰਹੇ ਹਨ, ਸਮੇਤ ਅਖੌਤੀ ਸੰਤਾਂ ਬ੍ਰਹਮ ਗਿਆਨੀਆਂ ਦੇ। ਵਿਦੇਸ਼ਾਂ ਵਿੱਚ ਬਹੁਤ ਵੱਡੇ ਵੱਡੇ ਸਟੋਰ ਹਨ, ਇੱਕੋ ਦੁਕਾਨ ਵਿੱਚੋਂ ਹਰ ਤਰ੍ਹਾਂ ਦਾ ਸਮਾਨ ਮਿਲ ਜਾਂਦਾ ਹੈ। ਉਹਨਾਂ ਦੇ ਸਟੋਰਾਂ ਵਿੱਚ ਬਹੁਤ ਕਿਸਮ ਦਾ ਮਾਸ ਤਿਆਰ ਕਰਕੇ ਰੱਖਿਆ ਹੁੰਦਾ ਹੈ। ਕਈ ਥਾਈਂ ਜਿਉਂਦੇ ਕੇਕੜੇ ਮੱਛੀਆਂ ਆਦਿ ਭੀ ਰੱਖੇ ਹੁੰਦੇ ਹਨ, ਤੁਰੰਤ ਹੀ ਲੋੜੀਂਦਾ ਸਮਾਨ ਖਰੀਦਦੇ ਹਨ। ਮਾਸ ਖਾਣ ਵਾਲੇ ਗੋਰਿਆਂ ਦੇ ਦੇਸ਼ ਵਿੱਚ ਤਾਂ ਮਾਸ ਵਿਰੋਧੀਆਂ ਨੂੰ ਜਾਣਾ ਹੀ ਨਹੀਂ ਚਾਹੀਦਾ। ਗੋਰਿਆਂ ਦੇ ਅਧੀਨ ਨੌਕਰੀ ਤਾਂ ਕਦੇ ਭੀ ਨਹੀਂ ਕਰਨੀ ਚਾਹੀਦੀ। ਮਾਸ ਖਾਣ ਵਾਲੇ ਇਸਾਈ ਲੋਕਾਂ ਦੀ ਗਿਣਤੀ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਹੈ। ਮਾਸ ਖਾਣ ਵਾਲਿਆਂ ਹੀ ਦੁਨੀਆਂ ਤੇ ਰਾਜ ਕੀਤਾ ਹੈ। ਜੇ ਮਾਸ ਖਾਣਾ ਪਾਪ ਹੈ ਤਾਂ ਇਹਨਾਂ ਲੋਕਾਂ ਨੂੰ ਇਹ ਪਾਪ ਕਿਉਂ ਨਹੀਂ ਲੱਗਦਾ? ਇਹਨਾਂ ਮਾਸ ਖਾਣ ਵਾਲਿਆਂ ਨੇ ਹੀ ਵਿਗਿਆਨ ਦੀਆਂ ਬੇਅੰਤ ਲੱਭਤਾਂ ਲੱਭੀਆਂ ਹਨ। ਮਾਸ ਵਿਰੋਧੀਆਂ ਨੂੰ ਇਹਨਾਂ ਦੀ ਵਰਤੋਂ ਭੀ ਫਿਰ ਨਹੀਂ ਕਰਨੀ ਚਾਹੀਦੀ।
ਭਾਰਤ ਦੇ ਲੋਕ ਹਜ਼ਾਰਾਂ ਸਾਲਾਂ ਤੱਕ ਹਰ ਤਰ੍ਹਾਂ ਦਾ ਮਾਸ ਖਾਂਦੇ ਰਹੇ, ਸਮੇਤ ਗਊ ਮਾਸ ਦੇ। ਰਿਗਵੇਦ ਮੰਨੂੰ ਸਿਮ੍ਰਤੀ, ਮਹਾਂਭਾਰਤ, ਰਮਾਇਣ ਆਦਿ ਇਸ ਗੱਲ ਦੇ ਲਿਖਤੀ ਸਬੂਤ ਹਨ। ਯੱਗ ਕਰਨ ਵਕਤ ਗਊ ਮਾਰ ਕੇ ਮੰਤਰ ਪੜ੍ਹਦਿਆਂ, ਉਹ ਮਾਸ ਤਿਆਰ ਕੀਤਾ ਜਾਂਦਾ ਸੀ। ਫਿਰ ਪ੍ਰਸ਼ਾਦ ਰੂਪ ਵਿੱਚ ਸਾਰਿਆਂ ਨੂੰ ਵਰਤਾਇਆ ਜਾਂਦਾ ਸੀ। ਇਸ ਨੂੰ ਕਹਿੰਦੇ ਸਨ ‘ਗਊ ਮੇਧ ਯੱਗ’। ਇਸੇ ਤਰ੍ਹਾਂ ਘੋੜਾ ਮਾਰ ਕੇ ਜੋ ਯੱਗ ਕੀਤਾ ਜਾਂਦਾ ਸੀ ਉਹ ‘ਅਸ਼ਵਮੇਧ ਯੱਗ’ ਅਖਵਾਉਂਦਾ ਸੀ। ਹੋਰ ਸਿਤਮ ਵੇਖੋ ਮਨੁੱਖ ਨੂੰ ਮਾਰ ਕੇ ਉਸ ਦਾ ਮਾਸ ਤਿਆਰ ਕਰਕੇ ਸਾਰਿਆਂ ਨੂੰ ਖੁਆਇਆ ਜਾਂਦਾ ਸੀ ‘ਨਰਮੇਧ ਯੱਗ’। ਅੰਗ੍ਰੇਜੀ ਸਰਕਾਰ ਵੱਲੋਂ 21 ਨੰ. ਧਾਰਾ ਰਾਹੀਂ ਸੰਨ 1845 ਵਿੱਚ ਨਰ ਬਲੀ ਤੇ ਪਾਬੰਦੀ ਲਾਈ ਗਈ ਸੀ, ਪਰ ਇਹ ਕਾਨੂੰਨ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ। ਅੱਜ ਤੱਕ ਹਿੰਦੂਆਂ ਦੇ ਬੇਅੰਤ ਮੰਦਰਾਂ ਵਿੱਚ ਕੁੱਕੜ, ਭੇਡੂ, ਬੱਕਰੇ, ਝੋਟੇ ਆਦਿ ਦੀ ਬਲੀ ਦਿੱਤੀ ਜਾ ਰਹੀ ਹੈ। ਅਗਿਆਨਤਾ ਦੇ ਚਸ਼ਮੇ ਉਤਾਰ ਕੇ ਕਦੀ ਵੇਖਣਾ, ਜਿਹਨਾਂ ਵਰਤੋਂ ਵਾਲੀਆਂ ਚੀਜਾਂ ਨੂੰ ਲੰਮੇ ਸਮੇਂ ਤੱਕ ਵਰਤੋਂ ਯੋਗ ਰੱਖਣਾ ਹੁੰਦਾ ਹੈ, ਤਾਂ ਕੀ ਕਰੀਦਾ ਹੈ? ਟੁੱਥ ਪੇਸਟਾਂ, ਕਰੀਮਾਂ, ਪਾਲਿਸ਼ਾਂ, ਪੇਂਟਸ, ਦਵਾਈਆਂ, ਸਾਬਣਾਂ, ਤੇਲ ਆਦਿ ਵਿੱਚ ਪਸ਼ੂਆਂ ਦੀ ਚਰਬੀ ਮਿਲਾਈ ਜਾਂਦੀ ਹੈ। ਮਨੁੱਖਾਂ ਉਪਰ ਦਵਾਈ ਟੈਸਟ ਕਰਨ ਤੋਂ ਪਹਿਲਾਂ, ਪੰਛੀਆਂ, ਪਸ਼ੂਆਂ ਤੇ ਅਜਮਾਈ ਜਾਂਦੀ ਹੈ। ਇਹ ਜੀਵ ਬਹੁਤ ਸਾਰੇ ਮਰ ਜਾਂਦੇ ਹਨ, ਨਕਾਰੇ ਜਾਂ ਅੰਗਹੀਣ ਹੋ ਜਾਂਦੇ ਹਨ। ਆਪਣੇ ਰਹਿਣ ਲਈ ਮਨੁੱਖ ਦੇ ਜਗ੍ਹਾ ਬਣਾਈ, ਜੰਗਲ ਕੱਟੇ ਤੇ ਜੰਗਲੀ ਜੀਵ ਖਤਮ। ਇਹ ਪਾਪ ਕਿਸ ਨੂੰ ਲੱਗਿਆ? ਪੈਰੀਂ ਜੁੱਤੀ, ਬੈਲਟਾਂ, ਅਟੈਚੀ, ਕੋਟ, ਢੋਲਕਾਂ ਜੋੜੀਆਂ, ਸਾਰੰਗੀ ਆਦਿ ਸਭ ਪਸ਼ੂਆਂ ਦੀ ਖੱਲ ਤੋਂ ਹੀ ਬਣਦੇ ਹਨ। ਜੋ ਗੁਰੂ ਘਰਾਂ ਵਿੱਚ ਵਰਤੀਦੇ ਹਨ।
ਆਉ ਹੁਣ ਆਪਣੇ ਘਰਾਂ ਅੰਦਰ ਭੀ ਝਾਤੀ ਮਾਰ ਵੇਖੀਏ। ਪਹਿਲੇ ਸਮਿਆਂ ਵਿੱਚ ਇੱਕ ਔਰਤ ਕਈ ਕਈ ਬੱਚਿਆਂ ਨੂੰ ਜਨਮ ਦੇ ਦਿਆ ਕਰਦੀ ਸੀ। ਅੱਜ ਕੱਲ੍ਹ ਇੱਕ ਦੋ ਬੱਚਿਆਂ ਤੋਂ ਵੱਧ ਕਿਉਂ ਜਨਮ ਨਹੀਂ ਲੈਂਦੇ? ਫੈਮਲੀ ਪਲਾਨਿੰਗ। ਯਾਨੀ ਬੱਚਿਆਂ ਨੂੰ ਜਨਮ ਲੈਣ ਤੋਂ ਰੋਕਣ ਦਾ ਵਿਗਿਆਨਕ ਢੰਗ। ਬੱਚੇ ਨੂੰ ਜਨਮ ਹੀ ਨਾ ਲੈਣ ਦੇਣਾ, ਕੀ ਇਹ ਮਨੁੱਖੀ ਕਤਲ ਵਰਗਾ ਅਪਰਾਧ ਨਹੀਂ? ਮਾਸ ਦੇ ਵਿਰੋਧੀ ਭੈਣ ਭਰਾ, ਰੱਬ ਦੀ ਰਜ਼ਾ ਜਾਣਕੇ ਬੱਚਿਆਂ ਨੂੰ ਜਨਮ ਦਿੰਦੇ ਜਾਣਗੇ? ਕਦੀ ਸੋਚਕੇ ਤਾਂ ਵੇਖੀਏ। ਸਿੱਖ ਅਖਵਾਉਣ ਵਾਲਿਆਂ ਵਿੱਚ ਇੱਕ ਹੋਰ ਬੜੀ ਭਿਆਨਕ ਬਿਮਾਰੀ ਵਬਾ ਵਾਂਗ ਫੈਲ ਚੁੱਕੀ ਹੈ। ਗਰਭ ਵਿੱਚ ਟੈਸਟ ਕਰਵਾ ਕੇ ਪਤਾ ਲਾ ਲੈਣਾ, ਲੜਕਾ ਹੈ ਕਿ ਲੜਕੀ। ਜੇ ਪੇਟ ਅੰਦਰ ਲੜਕੀ ਹੈ ਤਾਂ ਖਤਮ ਕਰ ਦਿਓ। ਬੱਜਰ ਪਾਪ। ‘ਜਉ ਸਭ ਮਹਿ ਏਕੁ ਖੁਦਾਇ ਕਹਤ ਹਉ, ਤਉ ਕਿਉ ਮੁਰਗੀ ਮਾਰੈ॥’ (1350) ਆਖ ਕੇ ਮਾਸ ਦਾ ਵਿਰੋਧ ਕੀਤਾ ਜਾਂਦਾ ਹੈ, ਪਰ ਦੁਨੀਆਂ ਵਿੱਚ ਕਦਮ ਰੱਖਣ ਤੋਂ ਪਹਿਲਾਂ ਹੀ ਬਾਲ ਕੰਨਿਆਵਾਂ ਨੂੰ ਕੁਚਲ ਦਿੱਤਾ ਜਾਂਦਾ ਹੈ। ਅਗਰ ਕਬੀਰ ਜੀ ਅੱਜ ਮੁੜ ਕੇ ਆ ਜਾਣ ਤਾਂ ਸ਼ਾਇਦ ਇਸ ਤਰ੍ਹਾਂ ਆਖਣ ਲਈ ਮਜ਼ਬੂਰ ਹੋ ਜਾਣ – ‘ਜਉ ਸਭ ਮਹਿ ਏਕੁ ਖੁਦਾਇ ਕਹਤ ਹਉ, ਤਿਉਂ ਕਿਉਂ ਲੜਕੀ ਮਾਰੇ’? ਬ੍ਰਾਹਮਣ ਵੱਲੋਂ ਕੂੜ ਪ੍ਰਚਾਰਿਆ ਗਿਆ ਕਿ ਮਾਸ ਖਾਣ ਵਾਲਾ ਨਰਕਾਂ ਵਿੱਚ ਗੋਤੇ ਖਾਵੇਗਾ। ਦੂਜੇ ਪਾਸੇ ਬ੍ਰਾਹਮਣੀ ਗ੍ਰੰਥ ਮਾਸ ਖਾਣ ਦੀ ਹਮਾਇਤ ਕਰਦੇ ਹਨ। ਦੇਵਤੇ ਆਖੇ ਜਾ ਰਹੇ ਸਾਰੇ ਹੀ ਮਾਸ ਖਾਂਦੇ ਹਨ। ਮੁਸਲਮਾਨਾਂ ਦੇ ਰਾਜ ਵਿੱਚ ਇਹਨਾਂ ਨੇ ਕੁੱਟ ਖਾ ਕੇ ਮਾਸ ਦਾ ਵਿਰੋਧ ਸ਼ੁਰੂ ਕੀਤਾ। ਇਸੇ ਪਰਥਾਇ ਮਲ੍ਹਾਰ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਹੁਤ ਲੰਮਾ ਸ਼ਬਦ/ਸਲੋਕ ਹੈ।
ਔਰਤ ਮਰਦ ਰਾਜੇ ਮਹਾਰਾਜੇ ਸਾਰੇ ਇਨਸਾਨ, ਜੀਵ, ਮਾਸ ਤੋਂ ਪੈਦਾ ਹੁੰਦੇ ਹਨ। ਇਹਨਾਂ ਅਮੀਰਾਂ ਵਜ਼ੀਰਾਂ ਰਾਜਿਆਂ ਤੋਂ ਦਾਨ ਦੱਛਣਾ ਦੇ ਬਹਾਨੇ, ਅੰਨ ਧੰਨ ਲੈ ਕੇ ਖਾ ਰਿਹਾ ਹੈਂ। ਜੇ ਰਾਜੇ ਮਾਸ ਖਾਣ ਕਰਕੇ ਨਰਕਾਂ ਵਿੱਚ ਜਾਣਾ ਮੰਨ ਲਈਏ, ਤਾਂ ਉਹਨਾਂ ਤੋਂ ਪੂਜਾ ਦਾ ਧਾਨ ਲੈ ਕੇ ਤੂੰ ਕਿਵੇਂ ਸੁਰਗਾਂ ਨੂੰ ਚਲਾ ਜਾਵੇਂਗਾ? ਇਸ ਲਈ ਤੈਨੂੰ ਉਹਨਾਂ ਤੋਂ ਰਤਾ ਮਾਸਾ ਦਾਨ ਨਹੀਂ ਲੈਣਾ ਚਾਹੀਦਾ। ਹੇ ਪਾਂਡੇ ਤੇਰਾ ਇਹ ਧੱਕੜਪੁਣਾ ਨਹੀਂ ਚੱਲਣ ਲੱਗਾ। ਤੂੰ ਖੁਦ ਕੁੱਝ ਨਹੀਂ ਜਾਣਦਾ, ਤੇ ਲੋਕਾਂ ਨੂੰ ਉਪਦੇਸ਼ ਕਰਨ ਚੱਲ ਪਿਆ ਹੈ? ਕੀ ਮਾਸ ਵਿਰੋਧੀ ਸਿੱਖਾਂ ਨੇ ਇਹਨਾਂ ਗਹਿਰਾਈਆਂ ਤੱਕ ਸੋਚ ਵਿਚਾਰ ਕੀਤੀ ਹੈ? ਕੀ ਸੰਸਾਰ ਨਾਲੋਂ ਮਾਸ ਦੇ ਵਖਰੇਵੇਂ ਕਾਰਨ ਨਾਤਾ ਤੋੜਿਆ ਜਾ ਸਕਦਾ ਹੈ?
ਜਿੱਥੋਂ ਤੱਕ ਗੁਰਬਾਣੀ ਵਿੱਚੋਂ ਅੱਧੇ ਅਧੂਰੇ ਸ਼ਬਦ ਚੁੱਕ ਕੇ ਪਰਮਾਣ ਦਿੱਤੇ ਜਾਂਦੇ ਹਨ, ਉਹ ਜਾਇਜ਼ ਨਹੀਂ ਕਿਉਂਕਿ ਪੂਰਾ ਸ਼ਬਦ ਪੜ੍ਹਿਆਂ ਹੀ ਅਸਲ ਮਜ਼ਮੂਨ ਸਾਹਮਣੇ ਆਉਂਦਾ ਹੈ। ਜੇ ਗੁਰਬਾਣੀ ਰਾਹੀਂ ਜੀਵ ਹੱਤਿਆ ਵਿਰੁੱਧ ਪਰਮਾਣ ਦੇ ਕੇ ਅਹਿੰਸਾ ਪਰਮੋ ਧਰਮ ਦਾ ਕੋਈ ਧਾਰਨੀ ਬਣਨ ਦਾ ਯਤਨ ਕਰੇ ਤਾਂ ਨਹੀਂ ਬਣ ਸਕੇਗਾ। ਸਿੱਖ ਸ਼ੇਰ (ਸਿੰਘ) ਹੈ, ਤੇ ਸ਼ੇਰ ਦੀ ਖੁਰਾਕ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਸਿੱਖ ਨੇ ਗਾਤਰੇ ਕਿਰਪਾਨ ਪਾਈ ਹੋਈ ਹੈ, ਕੇਵਲ ਪੂਜਾ ਕਰਨ ਲਈ ਨਹੀਂ ਵਰਤੋਂ ਲਈ ਹੈ। ਫਸਲਾਂ ਤੇ ਸਬਜੀਆਂ ਤੇ, ਕੀੜੇ ਮਾਰ ਦਵਾਈਆਂ ਦੀ ਆਮ ਵਰਤੋਂ ਕੀਤੀ ਜਾਂਦੀ ਹੈ। ਜੇ ਉਹਨਾਂ ਜੀਵਾਂ ਨੂੰ ਨਾ ਮਾਰਿਆ ਜਾਵੇ, ਤਾਂ ਉਹ ਸਾਰੀਆਂ ਫਸਲਾਂ ਚੱਟ ਜਾਣਗੇ, ਮਨੁੱਖ ਨੂੰ ਭੁੱਖਾ ਰਹਿਕੇ ਮਰਨਾ ਪਵੇਗਾ। ਘਰਾਂ ਵਿੱਚ ਅਨੇਕ ਕੀੜੇ ਕਾਢੇ, ਚੂਹੇ, ਟਿੱਡੀਆਂ ਆਦਿ ਪੈਦਾ ਹੋ ਜਾਂਦੇ ਹਨ, ਜੇ ਉਹਨਾਂ ਨੂੰ ਨਾ ਮਾਰਿਆ ਜਾਵੇ, ਤਾਂ ਮਨੁੱਖ ਲਈ ਕੁੱਝ ਨਹੀਂ ਬਚੇਗਾ। ਫਿਰ ਭੀ ਜੇ ਕਿਸੇ ਵਿਅਕਤੀ ਦਾ ਮਨ ਮਾਸ ਖਾਣ ਲਈ ਰਾਜ਼ੀ ਨਹੀਂ ਤਾਂ ਕੋਈ ਗੱਲ ਨਹੀਂ, ਉਹ ਨਾ ਖਾਵੇ। ਲੇਕਿਨ ਮਾਸ ਖਾਣ ਵਾਲੇ ਨਾਲ ਨਫਰਤ ਨਾ ਕਰੇ। ਗੁਰਬਾਣੀ ਤਾਂ ਮਨੁੱਖਾਂ ਨੂੰ ਮਾਰਨ ਤੋਂ ਭੀ ਰੋਕਦੀ ਹੈ, ਭਾਵ ਜ਼ੁਲਮ ਕਿਸੇ ਤੇ ਨਹੀਂ ਕਰਨਾ। ਹਿੰਦੂ ਮੱਤ ਦੀ ਇੱਕ ਪਰੰਪਰਾ ਦਾ ਹਵਾਲਾ ਦੇ ਕੇ ਸਤਿਗੁਰੂ ਜੀ ਸਮਝਾਉਂਦੇ ਹਨ-
‘ਦਾਨੰ ਪਰਾ ਪੂਰਬੇਣ ਭੂੰਚੰਤੇ ਮਹੀਪ ਤੇ॥
ਬਿਪਰੀਤ ਬੁਧੰ੍ਹ੍ਹ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ॥’ (1356)
ਭਾਵ (ਹਿੰਦੂ ਮੱਤ ਮੁਤਾਬਕ) ਦਾਨ ਕਰਨ ਕਰਕੇ ਅਗਲੇ ਜਨਮ ਵਿੱਚ ਚੰਗੇ ਰੁਤਬੇ, ਰਾਜ ਮਿਲਖ ਪ੍ਰਾਪਤ ਹੋ ਜਾਂਦੇ ਹਨ। ਅਮੀਰੀ ਕਾਰਨ ਐਸ਼ ਵਾਲੀ ਜ਼ਿੰਦਗੀ ਬਤੀਤ ਕਰਦਿਆਂ, ਅਕਲ ਨਸ਼ਟ ਹੋ ਜਾਂਦੀ ਹੈ। ਫਿਰ ਉਹੀ ਆਦਮੀ ਮਨੁੱਖਤਾ ਨੂੰ ਅਨੇਕ ਤਰੀਕੇ ਲੁੱਟਣਾ ਪ੍ਰੇਸ਼ਾਨ ਕਰਨਾ, ਮਾਰਨਾ ਸ਼ੁਰੂ ਕਰ ਦਿੰਦੇ ਹਨ। ਇਹਨਾਂ ਪਾਪ ਕਰਮਾਂ ਕਾਰਨ ਫਿਰ ਨਰਕ ਵਿੱਚ ਜਾ ਡਿੱਗਦੇ ਹਨ।
ਇਹ ਭੀ ਵਿਚਾਰ ਲਈਏ ਕਿ ਕੇਵਲ ਮਾਸ ਦਾ ਤਿਆਗ ਕਰਕੇ ਕੀ ਧਰਮੀ ਬਣਿਆ ਜਾ ਸਕਦਾ ਹੈ? ਹੋਰ ਬਹੁਤ ਸਾਰੇ ਵਿਕਾਰ ਜਿਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਦੂਈ ਦਵੈਸ਼ ਆਦਿ ਖੰਭ ਲਾ ਕੇ ਉ੍ਯੱਡ ਜਾਂਦੇ ਹਨ? ਮਾਸ ਖਾਣ ਵਾਲੇ ਲੋਕ ਭੀ ਬੜੇ ਮਿਹਨਤੀ (ਇਸਾਈ ਮੁਸਲਮਾਨ) ਇਮਾਨਦਾਰ, ਹਰ ਤਰ੍ਹਾਂ ਦੇ ਇਨਸਾਨੀ ਗੁਣਾਂ ਨਾਲ ਭਰਪੂਰ ਹਨ। ਕੇਵਲ ਮਾਸ ਦੀ ਵਰਤੋਂ ਕਾਰਨ ਨਫਰਤ ਕਰਨੀ ਜਾਇਜ਼ ਨਹੀਂ ਹੈ। ਦੂਜਾ ਪੱਖ ਵਿਚਾਰੋ! ਖੀਰ ਖਾਣ ਵਾਲਾ ਬ੍ਰਾਹਮਣ (ਵਿਰਲਿਆਂ ਨੂੰ ਛੱਡ ਕੇ) ਬੜਾ ਜ਼ਾਲਮ ਹੈ। ਹੱਥੀਂ ਕਿਰਤ ਨਹੀਂ ਕਰਦਾ, ਦੂਜਿਆਂ ਦੀ ਕਮਾਈ ਤੇ ਪਲਦਾ ਹੈ। ਲੋਕਾਂ ਨੂੰ ਕੁਰਾਹੇ ਪਾਉਂਦਾ ਹੈ ਲੁੱਟ ਕੇ ਭੀ ਖਾਂਦਾ ਹੈ, ਪੂਜਣਯੋਗ ਭੀ ਬਣਿਆ ਬੈਠਾ ਹੈ। ਵਿਰਲਿਆਂ ਨੂੰ ਛੱਡ ਕੇ, ਦੁਕਾਨਦਾਰ (ਬਾਣੀਆਂ) ਮੂੰਗੀ ਦੀ ਦਾਲ ਖਾਣ ਵਾਲਾ, ਸੌਦਾ ਘੱਟ ਤੋਲਦਾ ਹੈ। ਮਿਲਾਵਟ ਭੀ ਕਰਦਾ ਹੈ, ਵੱਧ ਭਾਅ ਭੀ ਲਾਉਂਦਾ ਹੈ। ਜੇ ਕੋਈ ਰੁਪਏ ਵਿਆਜ ਤੇ ਲੈ ਲਵੇ ਤਾਂ ਸਭ ਕੁੱਝ ਲੁੱਟ ਕੇ ਆਪਣੇ ਪੇਟੇ ਪਾ ਲੈਂਦਾ ਹੈ। ਮੂੰਗੀ ਦੀ ਦਾਲ ਖਾਣ ਵਾਲਾ ਬਹੁਤ ਕਠੋਰ ਚਿੱਤ ਹੈ, ਰਤਾ ਤਰਸ ਨਹੀਂ ਕਰਦਾ, ਕਿਸੇ ਦਾ ਵਢਾਂਗਾ ਕਰਨ ਲੱਗਿਆਂ।
ਲੱਗਦਾ ਹੈ ਕਿ ਸਿੱਖ ਸਮਾਜ ਦਾ ਬਹੁਤਾ ਹਿੱਸਾ, ਹਾਲੀ ਤੱਕ ਸਰੀਰੀ ਤਲ ਤੋਂ ਅੱਗੇ ਸੋਚਣ ਦੇ ਸਮਰੱਥ ਨਹੀਂ ਹੋਇਆ। ਖਾਣ ਪੀਣ ਪਹਿਨਣ ਤੱਕ ਹੀ ਸੁਰਤ ਨੇ ਸਫਰ ਤੈਹ ਕੀਤਾ ਹੈ। ਗੁਰਬਾਣੀ ਵਿੱਚੋਂ ਉ੍ਯੱਚਤਮ ਵਿਚਾਰਾਂ ਪ੍ਰਾਪਤ ਕਰਕੇ ਗਿਆਨਵਾਨ ਬਣਨਾ, ਜੀਵਨ ਵਿੱਚੋਂ ਵਿਕਾਰਾਂ ਦਾ ਖਾਤਮਾ ਕਰਨਾ, ਅਸਲ ਮਕਸਦ ਸੀ ਸਿੱਖ ਦਾ। ਕੋਈ ਵਿਰਲਾ ਪ੍ਰੇਮੀ ਹੈ ਜਿਸ ਨੇ ਗੁਰੂ ਗ੍ਰੰਥ ਸਾਹਿਬ, ਅਰਥਾਂ ਸਮੇਤ ਵਿਚਾਰ ਕੇ ਪੜ੍ਹਿਆ ਹੋਵੇ। ਬਾਕੀ ਤਾਂ ਰਸਮ ਪੂਰਤੀ ਕੀਤੀ ਜਾ ਰਹੀ ਹੈ। ਮਾਸ ਵਿਰੋਧੀ ਭੀ ਉਹਨਾਂ ਹੀ ਔਗਣਾਂ ਵਿੱਚ ਡੁੱਬੇ ਵੇਖੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ਮਾਸ ਖਾਣ ਵਾਲੇ ਤਾਰੀਆ ਲਾ ਰਹੇ ਹਨ। ਉਸੇ ਤਰ੍ਹਾਂ ਝਗੜੇ, ਸਿਰ ਪਾਟਣੇ, ਪੱਗਾਂ ਲੱਥਣੀਆਂ, ਗੋਲਕਾਂ ਦੀ ਦੁਰਵਰਤੋਂ ਕਰਨੀ ਸਭ ਬਾਦਸਤੂਰ ਜਾਰੀ ਹੈ। ਕਿੰਨਾ ਚੰਗਾ ਹੁੰਦਾ ਅਗਰ ਇਸ ਫਜੂਲ ਜਿਹੇ ਝਮੇਲੇ ਦਾ ਤਿਆਗ ਕਰਕੇ ਪੰਥ ਦੀ ਚੜ੍ਹਦੀ ਕਲਾ ਲਈ ਸਾਰਥਕ ਉਪਰਾਲੇ ਕੀਤੇ ਜਾਂਦੇ। ਸਤਿਗੁਰੂ ਜੀ ਅਸਲੀ ਵੈਸ਼ਨੂੰ ਉਸਨੂੰ ਮੰਨਦੇ ਹਨ, ਜੋ ਸਾਰੇ ਵਿਕਾਰਾਂ ਦਾ ਪੂਰਨ ਤਿਆਗ ਕਰ ਦੇਵੇ। ਵਾਕ ਹੈ –
ਸੋ ਬੈਸਨੋ ਹੈ ਅਪਰ ਅਪਾਰੁ॥ ਕਹੁ ਨਾਨਕ ਜਿਨ ਤਜੇ ਬਿਕਾਰ॥ (199)
ਜੇ ਮਨੁੱਖ ਨੇ ਬੁਰਾਈਆਂ ਤੇ ਕਾਬੂ ਨਾ ਪਾਇਆ ਤਾਂ ਉਹ ਇਸ ਵਿਕਾਰਾਂ ਦੀ ਜੁਆਲਾ ਵਿੱਚ ਸੜਕੇ ਸੁਆਹ ਹੋ ਜਾਵੇਗਾ ਫੁਰਮਾਨ ਹੈ –
ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆਂ ਅਗਿ॥
ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ॥ (147)
ਜਿਨਾਂ ਬਹਾਦਰਾਂ ਦਾ ਸਿੱਖ ਅਰਦਾਸ ਵਿੱਚ ਫਖਰ ਨਾਲ ਹਰ ਰੋਜ਼ ਨਾਮ ਪੜ੍ਹਦੇ ਹਾਂ, ਜਿਨ੍ਹਾਂ ਕਈ ਪੀਹੜੀਆਂ ਜੰਗਲੀਂ ਵਾਸ ਕੀਤਾ, ਜਿਹਨਾਂ ਦੀ ਬਦੌਲਤ ਅਸੀਂ ਰਾਜ ਭਾਗ ਦੇ ਮਾਲਕ ਬਣੇ, ਉਹ ਸਾਰੇ ਸਿੱਖ ਸੂਰਮੇ ਮਾਸ ਖਾਣ ਦੇ ਝਗੜੇ ਵਿੱਚ ਕਦੀ ਨਹੀਂ ਪਏ। ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਸ੍ਰ. ਚੜ੍ਹਤ ਸਿੰਘ, ਹਰੀ ਸਿੰਘ ਨਲੂਆ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ, ਸ਼ਾਮ ਸਿੰਘ ਅਟਾਰੀ ਵਾਲਾ, ਸਾਰੇ ਹੀ ਮਾਸ ਖਾਂਦੇ ਸਨ। ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਿਆਦਾ ਵਿਚ’ ਕੁੱਠਾ ਮਾਸ ਖਾਣ ਦੀ ਮਨਾਹੀ ਹੈ। ਨਿਹੰਗ ਸਿੰਘਾਂ ਦੇ ਛੌਣਿਆਂ ਵਿੱਚ ਅੱਜ ਤੱਕ ਮਾਸ ਦੀ ਆਮ ਵਰਤੋਂ ਕੀਤੀ ਜਾਂਦੀ ਹੈ। ਆਪਣੇ ਘਰ ਵਿੱਚ ਬੱਚਿਆਂ ਨਾਲ ਧੱਕਾ, ਪਤਨੀ ਨੂੰ ਫਿਟਕਾਰਾਂ, ਮਾਤਾ ਪਿਤਾ ਦਾ ਨਿਰਾਦਰ ਕਰਕੇ ਮਨ ਅੰਦਰ ਦਇਆ ਅਹਿੰਦਾ ਪੈਦਾ ਨਹੀਂ ਹੋਈ, ਬੱਕਰੀ ਦਾ ਲੇਲਾ, ਕੁੱਕੜੀ ਦਾ ਚੂਚਾ ਵੇਖ ਦਇਆ ਦਾ ਨਾਟਕ ਬਹੁਤ ਥਾਵਾਂ ਤੇ ਹੁੰਦਾ ਵੇਖਿਆ ਜਾ ਸਕਦਾ ਹੈ।
ਗੁਰੂ ਨਾਨਕ ਸਾਹਿਬ ਜੀ ਮੱਕੇ ਦੀ ਪ੍ਰਚਾਰ ਫੇਰੀ ਲਈ ਚੱਲ ਪਏ। ਕੋਈ ਗੈਰ ਮੁਸਲਮਾਨ, ਹਾਜੀਆਂ ਦੇ ਭੇਖ ਧਾਰਨ ਕਰਕੇ ਨਮਾਜ਼ਾਂ ਅਦਾ ਕਰਦਿਆਂ ਹੀ ਹੱਜ ਲਈ ਜਾ ਸਕਦਾ ਸੀ। ਸੋ ਸਤਿਗੁਰੂ ਜੀ ਨੇ ਹਾਜ਼ੀਆਂ ਵਾਲੇ ਨੀਲੇ ਵਸਤਰ ਪਹਿਨ ਲਏ। ਹੱਥ ਵਿੱਚ ਸੋਟਾ ਪਕੜ ਲਿਆ, ਸਮਾਨ ਵਾਲਾ ਥੈਲਾ ਮੋਢੇ ਤੇ ਲਟਕਾ ਲਿਆ। ਨਮਾਜ਼ ਵਕਤ ਵਰਤੋਂ ਵਿੱਚ ਆਉਣ ਵਾਲਾ ਕੱਪੜਾ (ਮੁਸੱਲਾ) ਵੀ ਨਾਲ ਲੈ ਲਿਆ। ਮੁਸਲਮਾਨ ਹਾਜ਼ੀਆਂ ਦੇ ਇੱਕ ਕਾਫ਼ਲੇ ਵਿੱਚ ਸ਼ਾਮਲ ਹੋ ਗਏ। ਜਦੋਂ ਮੁਸਲਮਾਨ ਨਮਾਜ਼ ਅਦਾ ਕਰਦੇ ਸਨ, ਤਾਂ ਸਤਿਗੁਰੂ ਜੀ ਇਨਕਾਰ ਨਹੀਂ ਕਰ ਸਕਦੇ ਸਨ, ਕਿ ਮੈਂ ਨਮਾਜ਼ ਅਦਾ ਨਹੀਂ ਕਰਾਂਗਾ। ਨਮਾਜ਼ ਵੀ ਖੁਦਾ ਦੀ ਬੰਦਗੀ ਦਾ ਇੱਕ ਢੰਗ ਹੈ। ਆਮ ਲੋਕੀਂ ਇਹਨਾਂ ਕਾਫ਼ਲੇ ਵਾਲੇ ਲੋਕਾਂ ਦਾ ਬੜਾ ਸਤਿਕਾਰ ਕਰਦੇ ਸਨ। ਇਹਨਾਂ ਦੀ ਤਨੋਂ ਮਨੋਂ ਸੇਵਾ ਕਰਨੀ ਅਪਣਾ ਧਾਰਮਕ ਫਰਜ ਜਾਣਦੇ ਸਨ। ਉਸ ਲੰਮੇ ਸਫ਼ਰ ਵਿੱਚ ਸਤਿਗੁਰੂ ਜੀ ਨੂੰ ਦੋ ਸਾਲ ਤੋਂ ਵੱਧ ਸਮਾਂ ਗੁਜਾਰਨਾ ਪਿਆ। ਇਹ ਭੀ ਯਾਦ ਰਹੇ, ਕਿ ਉਹਨਾਂ ਇਲਾਕਿਆਂ, ਦੇਸ਼ਾਂ ਵਿੱਚ ਕੋਈ ਹਿੰਦੂ ਸਿੱਖ ਤਦੋਂ ਨਹੀਂ ਸੀ, ਜੋ ਸਤਿਗੁਰੂ ਜੀ ਲਈ ਅਲੱਗ ਭੋਜਨ ਦਾ ਪ੍ਰਬੰਧ ਕਰ ਦਿੰਦਾ। ਸਾਧਾਰਨ ਜਿਹੀ ਗੱਲ ਹੈ ਇੰਨੇ ਲੰਮੇ ਸਮੇਂ ਵਾਸਤੇ ਪਾਣੀ ਪ੍ਰਸ਼ਾਦਾ ਨਾਲ ਬੰਨ੍ਹ ਲੈਣਾ ਅਸੰਭਵ ਸੀ। ਕੀ ਇਹ ਮੰਨ ਲਿਆ ਜਾਵੇ ਕਿ ਗੁਰੂ ਜੀ ਨੇ ਖਾਣਾ ਖਾਧਾ ਹੀ ਨਹੀਂ, ਇੰਨਾ ਸਮਾਂ?
ਮੁਸਲਮਾਨ ਲੋਕ ਹਾਜ਼ੀਆਂ ਦੇ ਕਾਫਲਿਆਂ ਨੂੰ ਰਾਤ ਵਕਤ, ਸਮਰੱਥਾ ਮੁਤਾਬਕ ਪੰਜ-ਪੰਜ, ਦਸ-ਦਸ ਨੂੰ ਆਪਣੇ ਘਰਾਂ ਵਿੱਚ ਲਿਜਾ ਕੇ, ਸੇਵਾ ਕਰਦੇ ਸਨ। ਇਸ਼ਨਾਨ, ਬਸਤਰ, ਸਫਾਈ ਰਸਤੇ ਲਈ ਖਾਣ ਪੀਣ ਲਈ ਕੁੱਝ ਦੇਣਾ, ਪੁੰਨ (ਸਵਾਬ) ਜਾਣਦੇ ਸਨ। ਮਾਸ ਖਾਣਾ ਮੁਸਲਮਾਨਾਂ ਵਿੱਚ ਧਾਰਮਕ ਤੌਰ ਤੇ ਪ੍ਰਵਾਨ ਹੈ। ਜਦੋਂ ਸ਼ਰਧਾਲੂ ਘਰਾਂ ਵਿੱਚ ਇਹਨਾਂ ਹਾਜ਼ੀਆਂ ਨੂੰ ਖਾਣਾ ਪਰੋਸਦੇ ਸਨ, ਤਾਂ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਸਨ। ਇਸ ਵਕਤ ਖਾਣੇ ਵਿੱਚ ਮਾਸ ਦਾ ਸ਼ਾਮਿਲ ਹੋਣਾ ਆਮ ਗੱਲ ਹੈ ਤੇ ਉਹ ਮਾਸ ਜੋ ਹਲਾਲ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਸੀ। ਡੂੰਘਾਈ ਤੱਕ ਸੋਚੀਏ। ਕੀ ਉਸ ਵਕਤ ਸਤਿਗੁਰੂ ਨਾਨਕ ਸਾਹਿਬ ਇਹ ਗੱਲ ਕਹਿ ਸਕਦੇ ਸਨ, ਕਿ ਮੈਂ ਮਾਸ ਨਹੀਂ ਖਾਵਾਂਗਾ? ਮੈਂ ਮੁਸਲਮਾਨ ਨਹੀਂ ਹਾਂ। ਇਸ ਲਈ ਹਲਾਲ ਕੀਤਾ ਮਾਸ ਤਾਂ ਬਿਲਕੁਲ ਨਹੀਂ ਖਾਵਾਂਗਾ। ਜਿਸ ਮਕਸਦ ਲਈ ਸਤਿਗੁਰੂ ਜੀ, ਲੰਮੇ ਪੈਂਡੇ ਲਈ ਚੱਲੇ ਸਨ, ਫਿਰ ਉਹ ਪੂਰਾ ਨਹੀਂ ਹੋਣਾ ਸੀ। ਜੇ ਗੁਰੂ ਨਾਨਕ ਸਾਹਿਬ ਲੋੜ ਵਕਤ ਮੁਸਲਮਾਨਾਂ ਨਾਲ ਬੈਠ ਕੇ ਮਾਸ ਵਾਲਾ ਖਾਣਾ ਖਾ ਸਕਦੇ ਹਨ, ਤਾਂ ਅੱਜ ਦੇ ਮਾਸ ਵਿਰੋਧੀ ਇਸ ਦਲੀਲ ਦਾ ਕੀ ਜੁਆਬ ਦੇਣਗੇ? ਭਾਈ ਮਰਦਾਨਾ ਜੀ ਸਤਿਗੁਰੂ ਜੀ ਨਾਲ ਪੰਜਾਹ ਸਾਲ ਤੋਂ ਵੱਧ ਸਮਾਂ ਰਿਹਾ ਸੀ, ਕੀ ਸਤਿਗੁਰੂ ਜੀ ਉਸ ਨਾਲ ਭਰਾਵਾਂ (ਭਾਈ) ਵਰਗਾ ਪਿਆਰ ਭਰਿਆ ਵਰਤਾਅ ਨਹੀਂ ਕਰਦੇ ਹੋਣਗੇ? ਉਸਨੂੰ ਅਲੱਗ ਭਾਂਡੇ ਚੁੱਕਣ ਲਈ ਰੱਖਣ ਲਈ ਮਜ਼ਬੂਰ ਕਰਦੇ ਹੋਣਗੇ? ਫਿਰ ਬੇਨਤੀ ਹੈ ਕਿ ਇਹਨਾਂ ਵਾਧੂ ਝਮੇਲਿਆਂ ਤੋਂ ਕਿਨਾਰਾ ਹੀ ਕੀਤਾ ਚੰਗਾ ਹੈ। ਗੁਰਬਾਣੀ ਅਰਥਾਂ ਸਮੇਤ ਪੜ੍ਹੀਏ ਸਾਰੇ ਸ਼ੰਕੇ ਆਪੇ ਹੀ ਦੂਰ ਹੋ ਜਾਣਗੇ।
ਖ਼ਾਸ ਨੋਟ : ਪੰਨਾ 1289 ਤੇ ਗੁਰੂ ਨਾਨਕ ਸਾਹਿਬ ਦੇ ਸਲੋਕ ਦਾ ਅਰਥ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਛਪੀ ‘ਸ਼ਬਦਾਰਥ’ ਪੋਥੀ ਚੌਥੀ ਤੇ ਇਸ ਤਰ੍ਹਾਂ ਅਰਥ ਕੀਤੇ ਗਏ ਹਨ – ‘‘ਇਹ ਸਲੋਕ ਕੁਰਖੇਤਰ ਦੇ ਤੀਰਥ ਤੇ ਪੰਡਿਤ ਨਾਨੂ ਪ੍ਰਤੀ ਉਚਾਰੇ! ਗੁਰੂ ਸਾਹਿਬ ਨੇ ਉਸ ਸਮੇਂ ਮਾਸ ਰਿੰਨਿਆ। ਪਾਂਡੇ ਨਾਰਾਜ ਹੋ ਕੇ ਗੁਰੂ ਜੀ ਤੇ ਹਮਲਾ ਕਰਨ ਲਈ ਆਏ। ਗੁਰੂ ਜੀ ਬੜੇ ਧੀਰਜ ਤੇ ਵਿਚਾਰ ਭਰੇ ਢੰਗ ਹਾਸ-ਰਸ ਵਿੱਚ ਉਹਨਾਂ ਦੇ ਫੋਕਟ ਨਿਸਚਿਆਂ ਦੇ ਬਖੀਏ ਉਧੇੜਦੇ ਹਨ।ੂ
ਸਮੁੱਚਾ ਭਾਵ : ਉ੍ਯੱਪਰ ਹੋਛੀ ਮੱਤ ਨੂੰ ਛੱਡ ਕੇ ਸਹੀ ਮੱਤ ਅਖਤਿਆਰ ਕਰਨਾ ਦੱਸਿਆ ਸੀ। ਜੋ ਸੱਚੇ ਗੁਰੂ ਤੋਂ ਮਿਲਦੀ ਹੈ। ਇੱਥੇ ਪੰਡਿਤਾਂ ਦੇ ਇੱਕ ਭੁਲੇਖੇ ਨੂੰ ਦੂਰ ਕਰਦੇ ਹਨ। ਉਹ ਮਾਸ ਖਾਣ ਨੂੰ ਬੁਰਾ ਸਮਝਦੇ ਸਨ। ਗੁਰੂ ਜੀ ਉਹਨਾਂ ਨੂੰ ਦੱਸਦੇ ਹਨ ਕਿ ਮਾਸ ਇੱਕ ਅਜਿਹੀ ਵਸਤੂ ਹੈ, ਜਿਸ ਨਾਲ ਸਾਨੂੰ ਹਰ ਵੇਲੇ ਵਾਸਤਾ ਪੈਂਦਾ ਹੈ। ਅਸੀਂ ਇਸ ਨੂੰ ਕਿਸੇ ਨਾ ਕਿਸੇ ਸ਼ਕਲ ਵਿੱਚ ਜ਼ਰੂਰ ਵਰਤਦੇ ਹਾਂ। ਫਿਰ ਪੰਡਿਤਾਂ ਦੀਆਂ ਧਾਰਮਕ ਪੁਸਤਕਾਂ ਵਿੱਚ ਇਸ ਦੇ ਖਾਣ ਦਾ ਜ਼ਿਕਾਰ ਆਉਂਦਾ ਹੈ। ਇੱਕ ਨਿੰਦਤ ਚੀਜ਼ ਦੇ ਤੌਰ ਤੇ ਨਹੀਂ, ਸਗੋਂ ਦੇਵਤਿਆਂ ਦੀ ਮਨ ਪਸੰਦ ਚੀਜ਼ ਦੇ ਤੌਰ ਤੇ। ਜੇ ਇਹ ਦਲੀਲ ਮੰਨ ਲਈ ਜਾਵੇ ਕਿ ਮਾਸ ਖਾਣ ਨਾਲ ਜੀਵ ਹੱਤਿਆ ਹੁੰਦੀ ਹੈ ਅਤੇ ਸਾਗ ਖਾਣ ਨਾਲ ਨਹੀਂ ਤਾਂ ਵੀ ਠੀਕ ਨਹੀਂ ਕਿਉਂਕਿ ਜ਼ਿੰਦਗੀ ਦਾ ਮੂਲ ਮਾਦੀ ਕਾਰਣ ਤਾਂ ਪਾਣੀ ਹੈ। ਜਿਸ ਤੋਂ ਅੰਨ ਫਲ ਆਦਿ ਖਾਣ ਦੀਆਂ ਚੀਜਾਂ ਪੈਦਾ ਹੁੰਦੀਆਂ ਹਨ। ਜੇ ਪੂਰਨ ਵੈਸ਼ਨਵ ਬਣਨਾ ਹੈ ਤਾਂ ਇਹ ਚੀਜਾਂ ਭੀ ਛੱਡਣੀਆਂ ਪੈਣਗੀਆਂ। ‘‘ਸਬਦਾਰਥ : ਪੋਥੀ ਚੌਥੀ ਪੰਨਾ 1289 ਛਾਪਕ ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ਛਾਪ 1979.
ਗਿਆਨੀ ਗੁਰਬਚਨ ਸਿੰਘ ਦੀ ਲਿਖੀ, ਟਕਸਾਲ ਵੱਲੋਂ ਛਪੀ ਕਿਤਾਬ ‘‘ਗੁਰਬਾਣੀ ਪਾਠ ਦਰਸ਼ਨੂ ਵਿੱਚ ਮਾਸ ਖਾਣ ਬਾਰੇ ਇਸ ਤਰ੍ਹਾਂ ਲਿਖਿਆ ਹੋਇਆ ਹੈ – ‘‘ਖਾਲਸਾ ਹਿੰਦੂ ਮੁਸਲਮਾਨ ਕਸਾਈ (ਇਸਾਈ?) ਵੈਸ਼ਨੋ ਸਭ ਤੋਂ ਰਹਿਤ ਹੈ। ਖਾਲਸਾ ਅਕਾਲ ਪੁਰਖ ਕੀ ਫੌਜ ਹੈ, ਜੇ ਕਿਤੇ ਧਰਮ ਦੀ ਰੱਖਿਆ ਕਰਦੇ ਹੋਏ ਜੰਗ ਵਿੱਚ ਅੰਨ ਆਦਿ ਨਾਂ ਮਿਲੇ, ਤਾਂ ਪ੍ਰਾਂਣਾਂ ਦੀ ਰੱਖਿਆ ਵਾਸਤੇ ਖਾਣਾ ਪਵੇ ਤਾਂ ਹੱਥੀਂ ਝਟਕਾ ਕਰਕੇ ਖਾ ਲਵੇ, ਪ੍ਰਾਣ ਬਚਾਏ। ਉਹ ਬੀ ਤਾਂ ਜੇ ਚਿੱਤ ਚਾਹੇ ਤਾਂ। ਉਂਝ ਵੀ ਛਕਣਾ ਹੋਵੇ ਤਾਂ ਵੀ ਹੱਥੀਂ ਝਟਕਾ ਕਰਕੇ ਖਾਵੇ।ੂ (ਪੰਨਾ 74 ਛਾਪ 1969)
ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਦੇ ਹਨ ਕਿ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਲੰਗਰ ਵਿੱਚ ਮਾਸ ਬਣਦਾ ਸੀ ਬਿਨਾਂ ਸੰਕੋਚ ਖਾਧਾ ਜਾਂਦਾ ਸੀ। ਲਿਖਤ ਇਸ ਤਰ੍ਹਾਂ ਹੈ –
ਪਹਤਿ ਭਾਤ (ਦਾਲ ਚੌਲ) ਬਰਤਯੋ ਪ੍ਰਥਮ, ਪੁਨ ਆਮਿਖ (ਮਾਸ) ਆਵਾ॥
ਇਕ ਦਿਸ ਪੰਕਤਿ ਮਹਿ ਦਯੋ, ਤਬ ਇਨ ਦਰਸਾਵਾ॥ (1375)
ਮਹਿਮਾ ਪ੍ਰਕਾਸ਼ ਪੋਥੀ ਦੀ ਲਿਖਤ ਮੁਤਾਬਕ ਮਾਸ ਖਾਣਾ ਆਮ ਗੱਲ ਸੀ। ਗੁਰੂ ਅੰਗਦ ਸਾਹਿਬ ਦੇ ਜੀਵਨ ਬਾਰੇ ਲਿਖਿਦਿਆਂ ਸਰੂਪ ਦਾਸ ਭੱਲਾ ਇਉਂ ਲਿਖਦਾ ਹੈ :
‘‘ਚਾਰ ਬਰਨ ਉਹਾਂ ਸਮਸਰੇ। ਮਾਟੀ ਬਰਤਨ ਭੋਜਨ ਕਰੇ।
ਵਿਧਿ ਨਿਖੇਧਿ (ਮਾਸ ਵਿਰੋਧੀ ਭਰਮੀ ਲੋਕ) ਜਾਕੇ ਮਨ ਹੋਈ।
ਐਸੋ ਤਹਾਂ ਨ ਜਾਵੈ ਕੋਈ।
ਅਜਾ (ਬੱਕਰਾ) ਮਾਸ ਭਯੋ ਸਿੱਧ ਰਸੋਈ। ਅਵਰੈ ਦਾਲ ਭਾਤ ਭੀ ਹੋਈ।
ਗਾਂਵ ਤੇ ਸਿੱਖ ਕੋਊ ਤਹਿ ਆਇਆ।
ਆਗਿਆ ਭਈ ਮਛਲੀ ਤਲ ਲਿਆਇਆ।
ਸਤਿਗੁਰ ਤਹਾਂ ਕੀਨ ਪਰਸਾਦ। ਦਯਾਲ ਹੋਇ ਕਹਯੋ ਭਲੋ ਸੁਆਦ।ੂ
(ਹਵਾਲਾ ਪੁਸਤਕ ਗੁਰਮਤ ਮਾਰਤੰਡ, ਪੰਨਾ-763, ਭਾਈ ਕਾਹਨ ਸਿੰਘ ਨਾਭਾ)
ਕਿਸੇ ਹਿੰਦੂ ਦੇ ‘‘ਜਗਿਓ ਪਵੀਤੂ (ਜੰਜੂ) ਰਸਮ ਵੇਲੇ ਆਏ ਸਕੇ ਸਬੰਧੀਆਂ ਲਈ, ਮਾਸ ਰਿੰਨ੍ਹ ਕੇ ਖਾਣਾ ਖਵਾਉਣਾ ਆਮ ਵਰਤਾਰਾ ਸੀ। ਗੁਰੂ ਨਾਨਕ ਸਾਹਿਬ ਇਸਦੀ ਗਵਾਹੀ ਭਰਦੇ ਹਨ –
ਬ੍ਰਾਹਮਣ ਆਪ ਮਾਸ ਖਾਕੇ ਫਿਰ ਸਭ ਨੂੰ ਇਜਾਜਤ ਦਿੰਦਾ ਸੀ ਕਿ ਹੁਣ ਸਾਰਿਆਂ ਨੂੰ ਵਰਤਾ ਦਿਓ।
‘‘ਤਗੁ ਕਪਾਹਹੁ ਕਤੀਐ ਬਾਮਣੁ ਵਟੇ ਆਇ॥
ਕੁਹਿ ਬਕਰਾ ਰਿੰਨਿ ਖਾਇਆ ਸਭੁ ਕੋ ਆਖੈ ਪਾਇ॥ੂ (471)
ਬ੍ਰਾਹਮਣ ਲੋਕ ਮਾਸ ਤੋ ਕੋਈ ਪਰਹੇਜ ਨਹੀਂ ਕਰਦੇ ਸਨ। ਸਗੋਂ ਹਲਾਲ ਕੀਤਾ ਮਾਸ ਭੀ ਆਮ ਹੀ ਖਾਂਦੇ ਹਨ। ਇਸ ਮਾਸ ਵਾਲੇ ਭੋਜਨ ਨੂੰ ਪਵਿੱਤਰ ਭੋਜਨ ਆਖਦੇ ਸਨ। ਗੁਰਵਾਕ ਇਉਂ ਹਨ –
‘‘ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੇ ਨਾ ਜਾਣਾ॥ੂ (471)
ਉਹੀ ਖਾਣਾ, ਪੀਣਾ, ਪਹਿਨਣਾ, ਸਵਾਰੀ ਕਰਨੀ, ਤੇ ਸੌਣਾ ਭਲਾ ਹੈ, ਜਿਸ ਨਾਲ ਸਰੀਰ ਨੂੰ ਤਕਲੀਫ ਨਾ ਹੋਵੇ। ਮਨ ਅੰਦਰ ਬੁਰੇ ਵਿਚਾਰ ਪੈਦਾ ਨਾ ਹੋਣ। ਮਾਸ ਦੇ ਵਿਰੋਧੀਆਂ ਨੂੰ ਇਹ ਸ਼ਬਦ ਚੰਗੀ ਤਰ੍ਹਾਂ ਸਮਝ ਕੇ ਕਈ ਵਾਰੀ ਪੜ੍ਹਨਾ ਚਾਹੀਦਾ ਹੈ ਕਿ ਬਾਬਾ ਨਾਨਕ ਜੀ ਮਾਸ ਬਾਰੇ ਕੀ ਹੁਕਮ ਕਰ ਰਹੇ ਹਨ
ਸਲੋਕ ਮਹਲਾ : 1॥
ਪਹਿਲਾਂ ਮਾਸਹੁ ਨਿੰਮਿਆ ਮਾਸੈ ਅੰਦਰਿ ਵਾਸੁ॥
ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ॥
ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ॥
ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ॥
ਵਡਾ ਹੋਆ ਵੀਆਹਿਆ ਘਰਿ ਲੈ ਆਇਆ ਮਾਸੁ॥
ਮਾਸਹੁ ਹੀ ਮਾਸੁ ਊਪਜੈ ਮਾਸਹੁ ਸਭੋ ਸਾਕੁ॥
ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ॥
ਆਪਿ ਛੁਟੇ ਨਹ ਛੂਟੀਐ ਨਾਨਕ ਬਚਨਿ ਬਿਣਾਸੁ॥1॥
ਮ.1॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ॥
ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ॥
ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ॥
ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ॥
ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ॥
ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ॥
ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ॥
ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ॥
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ॥
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ॥
ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ॥
ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ॥
ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ॥
ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ॥
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ॥
ਮਾਸੁ ਪੁਰਾਣੀ ਮਾਸੁ ਕਤੇਬੀਂ ਚਹੁ ਜੁਗਿ ਮਾਸੁ ਕਮਾਣਾ॥
ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ॥
ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ॥
ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਰ ਕਾ ਦਾਨੁ ਨ ਲੈਣਾ॥
ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ॥
ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ॥
ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ॥
ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ॥
ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ॥
ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ॥ (1289)
(ਇਸ ਸ਼ਬਦ ਦੀ ਕਥਾ ਵਾਚਕ ਕਥਾ ਕਰਨੋਂ ਭਜਦੇ ਹਨ। ਕੀਰਤਨੀਏ ਇਸ ਦਾ ਕਦੀ ਕੀਰਤਨ ਨਹੀਂ ਕਰਦੇ। ਮਾਸ ਦੇ ਵਿਰੋਧੀ ਕਦੀ ਭੀ ਇਸ ਸ਼ਬਦ ਦਾ ਪ੍ਰਮਾਣ ਨਹੀਂ ਦਿੰਦੇ ਕਿਉਂਕਿ ਅਜਿਹੇ ਪਖੰਡੀਆਂ ਦੇ ਸਿਰ ਵਿੱਚ ਇਹ ਸ਼ਬਦ ਵਦਾਣੀ ਚੋਟ ਮਾਰਦਾ ਹੈ।)
ਪ੍ਰਚਲਤ ਰਵਾਇਤ ਮੁਤਾਬਕ ਭਾਈ ਗੁਰਦਾਸ ਦੀ ਰਚਨਾ ਨੂੰ ਗੁਰਬਾਣੀ ਕੀ ਕੂੰਜੀ ਕਿਹਾ ਜਾ ਰਿਹਾ ਹੈ। ਉਸੇ ਵਿੱਚੋਂ ‘ਵਾਹਿਗੁਰੂ ਗੁਰ ਮੰਤਰ’ ਲੈ ਕੇ ਸਿੱਖਾਂ ਨੂੰ ਗੁਰਬਾਣੀ ਛੱਡ ਕੇ ਭਾਈ ਗੁਰਦਾਸ ਦਾ ਸਿੱਖ ਬਣਾਇਆ ਜਾ ਰਿਹਾ ਹੈ। ਜੋ ਹੋਰ ਬਹੁਤ ਕੁੱਝ ਭਾਈ ਗੁਰਦਾਸ ਨੇ ਲਿਖਿਆ ਹੈ, ਉਹ ਵਿਸਾਰ ਦਿੱਤਾ ਗਿਆ ਹੈ। ਲਉ ਹੁਣ ਭਾਈ ਗੁਰਦਾਸ ਦੀ ਇਕ ਪਉੜੀ ਵਿੱਚੋਂ ਮਾਸ ਬਾਰੇ ਵਿਚਾਰ ਪੜ੍ਹ ਲਈਏ :-
ਚੰਗਾ ਰੁਖੁ ਵਢਾਇ ਰਬਾਬੁ ਘੜਾਇਆ॥ ਛੇਲੀ ਹੋਇ ਕੁਹਾਇ ਮਾਸੁ ਵੰਡਾਇਆ॥
ਆਂਦ੍ਰਹੁ ਤਾਰ ਬਣਾਇ ਚੰਮਿ ਮੜਾਇਆ॥ ਸਾਧ ਸੰਗਤਿ ਵਿਚਿ ਆਇ ਨਾਦੁ ਵਜਾਇਆ॥
ਰਾਗ ਰੰਗ ਉਪਜਾਇ ਸਬਦੁ ਸੁਣਾਇਆ॥ ਸਤਿਗੁਰੁ ਪੁਰਖੁ ਧਿਆਇ ਸਹਜਿ ਸਮਾਇਆ॥
(ਵਾਰ-14 ਪਉੜੀ-15)
ਹੇ ਭਾਈ! ਵਧੀਆ ਜਹੇ ਰੁੱਖ ਨੂੰ ਕੱਟ ਕੇ, ਘੜ ਤਰਾਸ਼ ਕੇ ਮਿਸ਼ਤਰੀ ਰਬਾਬ ਤਿਆਰ ਕਰਦਾ ਹੈ। ਫਿਰ ਨਰਮ ਜਹੇ ਮਾਸ ਵਾਲੀ ਬੱਕਰੀ (ਜਾਂ ਬੱਕਰਾ) ਮਾਰ ਕੇ ਉਸ ਦਾ ਮਾਸ ਰਲ ਮਿਲ ਕੇ ਖਾ ਲਿਆ ਜਾਂਦਾ ਹੈ। ਉਸ ਬੱਕਰੀ ਦੀਆਂ ਆਂਦਰਾਂ (ਨਾੜੀਆਂ) ਨੂੰ ਰਬਾਬ ’ਤੇ ਤਰਤੀਬ ਨਾਲ ਜੋੜ ਦਿੱਤਾ ਜਾਂਦਾ ਹੈ। ਕੁੱਝ ਥਾਵਾਂ ’ਤੇ ਬੱਕਰੀ ਦਾ ਚਮੜਾ ਮੜ੍ਹ ਦਿੱਤਾ ਜਾਂਦਾ ਹੈ। ਰਬਾਬ (ਅਤੋ ਹੋਰ ਸਾਜ਼) ਨੂੰ ਚੰਗੀ ਤਰਾਂ ਤਿਆਰ ਕਰ ਕੇ ਕੀਰਤਨ ਕਰਨ ਵਾਸਤੇ ਸੰਗਤ ਵਿੱਚ ਆਣ ਵਿਰਾਜੀਦਾ ਹੈ। ਉਸ ਵਿੱਚੋਂ ਫਿਰ ਮਾਹਰ ਕੀਰਤਨੀਏ ਦਿਲ ਖਿੱਚਵੀਆਂ ਆਵਾਜ਼ਾਂ ਕੱਢਵਾ ਲੈਂਦੇ ਹਨ। ਕਈ ਤਰਾਂ ਦੇ ਰਾਗ ਰਾਗਣੀਆਂ ਨਾਲ ਸੰਗਤ ਨੂੰ ਸ਼ਬਦ ਗਾ ਕੇ ਸੁਣਾਏ ਜਾਂਦੇ ਹਨ। ਸ਼ਬਦ ਅਤੇ ਸੰਗੀਤ ਦੇ ਸੁਮੇਲ ਨਾਲ ਰੂਹ ਖ਼ੁਸ਼ ਹੋ ਜਾਂਦੀ ਹੈ। ਅਜਿਹੇ ਸੁੰਦਰ ਮਾਹੌਲ ਵਿਚ ਸਤਿਗੁਰੂੁ ਦੇ ਉਪਦੇਸ਼ ਹਿਰਦੇ ਵਿੱਚ ਉਤਰ ਜਾਦੇ ਹਨ। ਗੁਰਬਾਣੀ ਉਪਦੇਸ਼ ਦੀ ਬਦੌਲਤ ਇਨਸਾਨ ਚੰਚਲਤਾ ਤਿਆਗ ਕੇ ਟਿਕਾਉ ਵਿੱਚ ਆ ਜਾਂਦਾ ਹੈ।
ਮਾਸ ਵਿਰੋਧੀ ਲਾਣਾ ਕਦੀ ਅਜਿਹੀਆਂ ਪੰਕਤੀਆਂ ਪੜ੍ਹ ਕੇ ਵਿਚਾਰ ਕੇ ਜੁਆਬ ਦੇਣ ਦੀ ਕੋਸ਼ਿਸ਼ ਕਰੇਗਾ? ਹੋਰ ਵੇਖੋ :-
ਰ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
ਸੂਤਕੁ ਕਿਉ ਕਰ ਰਖੀਐ ਸੂਤਕੁ ਪਵੈ ਰਸੋਇ॥
ਨਾਨਕ ਸੂਤਕੁ ਏਵ ਨ ਉਤਰੈ ਗਿਆਨ ਉਤਾਰੈ ਧੋਇ॥ (ਮ :1, ਪੰਨਾ-472)
ਰ ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ (16)

******


maas

Powered by Blogger.