Header Ads

ਕੂੜੇ ਵਾਂਗ ਰੁਲ ਰਿਹੈ ਪਾਵਰਕਾਮ ਦਾ ਪੁਰਾਣਾ ਰਿਕਾਰਡ

ਮਲੋਟ (ਜੁਨੇਜਾ) - ਪਾਵਰਕਾਮ ਦੇ ਸ਼ਹਿਰੀ ਦਫ਼ਤਰ ਦਾ 20 ਵਰ੍ਹੇ ਪੁਰਾਣਾ ਦਫਤਰੀ ਰਿਕਾਰਡ ਅੱਜਕਲ ਮਹਿਕਮੇ ਵੱਲੋਂ ਆਸਮਾਨ ਦੀ ਖੁੱਲ੍ਹੀ ਛੱਤ ਹੇਠ ਸੁੱਟਿਆ ਪਿਆ ਹੈ, ਜਿਸ ਵਿਚ ਫਾਈਲਾਂ, ਦੁਕਾਨਾਂ ਅਤੇ ਫੈਕਟਰੀਆਂ 'ਚੋਂ ਲਾਹ ਕੇ ਕਬਜ਼ੇ ਵਿਚ ਲਏ ਗਏ ਪੁਰਾਣੇ ਮੀਟਰ ਅਤੇ ਫਾਈਲਾਂ ਰੱਬ ਆਸਰੇ ਰੱਖੀਆਂ ਹਨ, ਜਿਹੜੀਆਂ ਮੌਸਮ ਦੀ ਮਾਮੂਲੀ ਖਰਾਬੀ, ਮੀਂਹ ਜਾਂ ਹਨੇਰੀ ਆਉਣ 'ਤੇ ਪੂਰੀ ਤਰ੍ਹਾਂ ਖਤਮ ਹੋ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਮਲੋਟ ਸ਼ਹਿਰ ਵਿਚ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਨੇ 4 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ. ਵੀ. ਸਬ-ਸਟੇਸ਼ਨ ਦਾ ਨੀਂਹ ਪੱਥਰ 10 ਜੁਲਾਈ ਨੂੰ ਰੱਖਿਆ ਸੀ, ਜਿਸ ਤੋਂ ਬਾਅਦ ਸਬ ਸਟੇਸ਼ਨ ਦੇ ਨਿਰਮਾਣ ਦਾ ਕੰਮ ਜੰਗੀ ਪੱਧਰ 'ਤੇ ਆਰੰਭ ਕਰ ਦਿੱਤਾ ਗਿਆ ਸੀ, ਇਸ ਥਾਂ 'ਤੇ ਪਹਿਲਾਂ ਵਰ੍ਹਿਆਂ ਪੁਰਾਣੀ ਇਮਾਰਤ ਨੂੰ ਢਾਹਿਆ ਗਿਆ ਸੀ। ਇਸ ਵਿਚ ਪਏ ਰਿਕਾਰਡ ਨੂੰ ਸੁਰੱਖਿਅਤ ਰੱਖਣ ਦੀ ਬਜਾਏ ਖੁੱਲ੍ਹੇ ਆਸਮਾਨ ਵਿਚ ਹੀ ਢੇਰ ਲਾ ਕੇ ਰੱਖ ਦਿੱਤਾ ਗਿਆ, ਜੋ ਅਜੇ ਤੱਕ ਮਿੱਟੀ ਵਿਚ ਰੁਲ ਰਿਹਾ ਹੈ।
ਵਿਭਾਗ ਨੇ ਵੀ ਕੀਮਤੀ ਰਿਕਾਰਡ ਨੂੰ ਸਾਂਭਣ ਦੀ ਜ਼ਰੂਰਤ ਨਹੀਂ ਸਮਝੀ, ਜਿਸ ਕਾਰਨ ਇਸ 'ਚੋਂ ਕਈ ਕੀਮਤੀ ਫਾਈਲਾਂ ਅਤੇ ਵਿਭਾਗ ਵੱਲੋਂ ਕਬਜ਼ੇ ਵਿਚ ਲਏ ਗਏ ਮੀਟਰ ਹੌਲੀ-ਹੌਲੀ ਗਾਇਬ ਹੋ ਰਹੇ ਹਨ। ਇਸ ਮਾਮਲੇ 'ਤੇ ਵਿਭਾਗ ਦੇ ਐੱਸ. ਡੀ. ਓ. ਜਗਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਰਿਕਾਰਡ ਨੂੰ ਜਲਦ ਹੀ ਕਿਸੇ ਹੋਰ ਇਮਾਰਤ 'ਚ ਸੁਰੱਖਿਅਤ ਰੱਖਿਆ ਜਾਵੇਗਾ।
Powered by Blogger.