Header Ads

ਸਰਹੱਦੀ ਪਿੰਡਾਂ 'ਚ ਛਾਇਆ ਸਨਾਟਾ, ਰਾਤ ਭਰ ਨਹੀਂ ਜਗੀ ਬੱਤੀ

ਨਵੀਂ ਦਿੱਲੀ: ਪਾਕਿਸਤਾਨ ਨਾਲ ਲੱਗੀ ਸਰਹੱਦ ਦੇ ਨਾਲ ਹੀ ਪੂਰੇ ਦੇਸ਼ ‘ਚ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜੰਮੂ ਕਸ਼ਮੀਰ ਤੋਂ ਗੁਜਰਾਤ ਤੱਕ ਪੂਰੀ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਰਾਤ ਵੇਲੇ ਪਾਕਿ ਸਰਹੱਦ ਨਾਲ ਲਗਦੇ ਪਿੰਡਾਂ ‘ਚ ਸਨਾਟਾ ਪਸਰਿਆ ਰਿਹਾ। ਬੀਐਸਐਫ ਦੇ ਹੁਕਮਾਂ ਮੁਤਾਬਕ ਸਰਹੱਦੀ ਪਿੰਡਾਂ ‘ਚ ਲਾਈਟ ਤੱਕ ਨਹੀਂ ਜਗਾਈ ਗਈ। ਹਾਲਾਂਕਿ ਸਰਹੱਦ ‘ਤੇ ਲੱਗੀ ਫੈਂਸਿੰਗ ‘ਤੇ ਫਲੱਡ ਲਾਈਟਾਂ ਜਗਾਈਆਂ ਗਈਆਂ ਹਨ। ਖਦਸ਼ਾ ਹੈ ਕਿ ਭਾਰਤ ਵੱਲੋਂ ਪਾਕਿ ਦੇ ਕਬਜੇ ਵਾਲੇ ਕਸ਼ਮੀਰ ‘ਚ ਕੀਤੇ ਸਰਜੀਕਲ ਅਟੈਕ ਤੋਂ ਬਾਅਦ ਪਾਕਿਸਤਾਨ ਭਾਰਤੀ ਇਲਾਕੇ ‘ਚ ਕੋਈ ਜਵਾਬੀ ਕਾਰਵਾਈ ਕਰ ਸਥਾਨਕ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਵੱਡੇ ਅੱਤਵਾਦੀ ਹਮਲੇ ਦੀ ਸ਼ੰਕਾ ਦੇ ਚੱਲਦਿਆਂ ਰਾਜਧਾਨੀ ਦਿੱਲੀ ਵੀ ਹਾਈ ਅਲਰਟ ‘ਤੇ ਹੈ। ਮਾਲ, ਮੈਟਰੋ ਸਟੇਸ਼ਨ, ਏਅਰਪੋਰਟ, ਮੰਦਰ ਤੇ ਮਾਰਕਿਟ ਸਮੇਤ ਹੋਰ ਮੁੱਖ ਥਾਵਾਂ ‘ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਮੁੰਦਰ ‘ਚ ਇੱਕ ਸ਼ੱਕੀ ਕਿਸ਼ਤੀ ਦੇਖੇ ਜਾਣ ਤੋਂ ਬਾਅਦ ਮੁੰਬਈ ਤੇ ਆਸਪਾਸ ਦੇ ਇਲਾਕਿਆਂ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸ਼ੱਕੀ ਕਿਸ਼ਤੀ ‘ਚ ਸਵਾਰ ਲੋਕ ਮਛੇਰਿਆਂ ਤੋਂ ਮੁੰਬਈ ਦਾ ਰਾਸਤਾ ਪੁੱਛ ਰਹੇ ਸਨ। ਇਸ ‘ਤੇ ਮਛੇਰਿਆਂ ਨੇ ਤੁਰੰਤ ਕੋਸਟਗਾਰਡ ਨੂੰ ਜਾਣਕਾਰੀ ਦੇ ਦਿੱਤੀ।
ਪੰਜਾਬ ਚ ਵੀ ਮੁੱਖ ਸਰਕਾਰੀ ਤੇ ਮਹੱਤਵਪੂਰਣ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਏਅਰਬੇਸ ‘ਤੇ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸਰਹੱਦ ਦੇ 10 ਕਿਲੋਮੀਟਰ ਦਾਇਰੇ ਦੇ ਅੰਦਰ ਆਉਂਦੇ ਪਿੰਡਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਲੋਕਾਂ ਦੇ ਰਹਿਣ ਲਈ ਹੋਰ ਪਿੰਡਾਂ ਦੇ ਸਕੂਲਾਂ, ਗੁਰਦੁਆਰਿਆਂ ਤੇ ਧਰਮਸ਼ਾਲਾ ਸਮੇਤ ਹੋਰ ਸੁਰੱਖਿਅਤ ਥਾਵਾਂ ‘ਤੇ ਕੈਂਪ ਲਗਾਏ ਗਏ ਹਨ। ਲੋਕਾਂ ਦੇ ਖਾਣ-ਪੀਣ ਅਤੇ ਹੋਰ ਜਰੂਰਤਾਂ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਗਏ ਹਨ। ਪ੍ਰਭਾਵਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ 1-1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਾਰੇ ਅਫਸਰਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਹਨ।

Powered by Blogger.