Header Ads

ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਸੂਫ਼ੀਆਨਾ ਰੰਗ ਬਿਖੇਰਦਾ ਸੰਪੰਨ

ਫ਼ਰੀਦਕੋਟ  (ਹਾਲੀ)  - 19 ਸਤੰਬਰ ਤੋਂ ਸ਼ੁਰੂ ਹੋਇਆ ਪੰਜ-ਰੋਜ਼ਾ ਬਾਬਾ ਫਰੀਦ ਆਗਮਨ ਪੁਰਬ ਅੱਜ ਵਿਸ਼ਾਲ ਨਗਰ ਕੀਰਤਨ ਉਪਰੰਤ ਸੂਫ਼ੀਆਨਾ ਰੰਗ ਬਿਖੇਰਦਾ ਅਤੇ ਸ਼ਰਧਾਲੂਆਂ ਨੂੰ ਗੁਰਬਾਣੀ ਦੇ ਰੰਗ ਵਿਚ ਰੰਗਦਾ ਸੰਪੰਨ ਹੋ ਗਿਆ। ਇਹ ਨਗਰ ਕੀਰਤਨ ਟਿੱਲਾ ਬਾਬਾ ਫਰੀਦ ਤੋਂ ਸ਼ੁਰੂ ਹੋਇਆ ਅਤੇ ਪੰਜ ਘੰਟਿਆਂ ਵਿਚ ਗੁਰਦੁਆਰਾ ਗੋਦੜੀ ਸਾਹਿਬ ਪਹੁੰਚਿਆ। ਜਿਸ ਵਿਚ ਪੰਜਾਬ ਭਰ ਤੋਂ ਧਾਰਮਿਕ, ਸਮਾਜਿਕ ਅਤੇ ਖੇਡ ਸੰਸਥਾਵਾਂ ਸਮੇਤ ਲੱਖਾਂ ਸੰਗਤਾਂ ਨੇ ਹਿੱਸਾ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਕੱਢੇ ਗਏ ਇਸ ਨਗਰ ਕੀਰਤਨ ਵਿਚ ਐੱਨ. ਸੀ. ਸੀ. ਅਤੇ ਵੱਖ-ਵੱਖ ਸਕੂਲਾਂ ਦੀਆਂ ਬੈਂਡ ਟੀਮਾਂ ਨੇ ਹਿੱਸਾ ਲਿਆ।
ਟਿੱਲਾ ਬਾਬਾ ਫ਼ਰੀਦ ਤੋਂ ਗੁਰਦੁਆਰਾ ਗੋਦੜੀ ਸਾਹਿਬ ਤਕ 4 ਕਿਲੋਮੀਟਰ ਦਾ ਰਸਤਾ ਸੰਗਤਾਂ ਅਤੇ ਸ਼ਰਧਾਲੂਆਂ ਦੇ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਅਤੇ ਲੋਕ ਫ਼ੁੱਲਾਂ ਨਾਲ ਸਜਾਈ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨਾਲ ਗੁਰੂ ਜਸ ਗਾਉਂਦੇ ਚਲ ਰਹੇ ਸਨ। ਅੱਗੇ-ਅੱਗੇ ਸ਼ਰਧਾਲੂ ਸੜਕ ਨੂੰ ਸਾਫ਼ ਕਰਦੇ ਹੋਏ ਅਤੇ ਲੋਕਾਂ 'ਤੇ ਇੱਤਰ ਛਿੜਕਦੇ ਹੋਏ ਜਾ ਰਹੇ ਸਨ। ਰਸਤੇ ਵਿਚ ਲੋਕਾਂ ਨੇ ਸ਼ਰਧਾਲੂਆਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ। ਨਗਰ ਕੀਰਤਨ ਵਿਚ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖ਼ਸੀਅਤਾਂ ਸਜਾਈ ਹੋਈ ਖੁੱਲ੍ਹੀ ਗੱਡੀ ਵਿਚ ਬੈਠ ਕੇ ਸ਼ਾਮਲ ਹੋਈਆਂ। ਗੁਰਦੁਆਰਾ ਗੋਦੜੀ ਸਾਹਿਬ ਵਿਖੇ ਬਣਾਏ ਗਏ ਸਰੋਵਰ ਵਿਚ ਇਸ਼ਨਾਨ ਕਰਨ ਲਈ ਸੰਗਤਾਂ ਸਵੇਰ 4 ਵਜੇ ਤੋਂ ਹੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ, ਜੋ ਨਗਰ ਕੀਰਤਨ ਦੇ ਸਵਾਗਤ ਲਈ ਗੁਰਦੁਆਰਾ ਸਾਹਿਬ ਵਿਚ ਹੀ ਮੌਜ਼ੂਦ ਰਹੀਆਂ।
ਗੁਰਦੁਆਰਾ ਗੋਦੜੀ ਸਾਹਿਬ ਵਿਖੇ ਆਗਮਨ ਪੁਰਬ ਦੀ ਸਮਾਪਤੀ ਤੋਂ ਪਹਿਲਾਂ ਬਾਬਾ ਫ਼ਰੀਦ ਸੁਸਾਇਟੀ ਵੱਲੋਂ ਈਮਾਨਦਾਰੀ ਅਤੇ ਮਨੁੱਖਤਾ ਦੀ ਸੇਵਾ ਲਈ ਦੋ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।
ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ, ਮਹੀਪ ਇੰਦਰ ਸਿੰਘ ਸੇਖੋਂ ਅਤੇ ਭਾਈ ਕਾਹਨ ਸਿੰਘ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਲਈ ਭਗਤ ਪੂਰਨ ਸਿੰਘ ਐਵਾਰਡ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਗਗਨਦੀਪ ਸਿੰਘ ਵਾਂਦਰ ਨੂੰ ਦਿੱਤਾ ਗਿਆ, ਜਦੋਂ ਕਿ ਈਮਾਨਦਾਰੀ ਲਈ ਐਵਾਰਡ ਫਾਰ ਆਨੈਸਟੀ ਇੰਜ. ਜਸਵੰਤ ਸਿੰਘ ਗਿੱਲ ਨੂੰ ਦਿੱਤਾ ਗਿਆ। ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਨੂੰ ਇਕ-ਇਕ ਲੱਖ ਰੁਪਇਆ ਨਗਦ, ਦੁਸ਼ਾਲਾ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜ ਰੋਜ਼ਾ ਆਗਮਨ ਪੁਰਬ ਦੌਰਾਨ ਦੇਸ਼-ਭਰ ਤੋਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਇਲਾਕੇ ਭਰ ਦੀਆਂ ਪੰਚਾਇਤਾਂ, ਕਲੱਬਾਂ ਅਤੇ ਸਮਾਜਸੇਵੀ ਸੰਸਥਾਵਾਂ ਨੇ ਵੱਖ-ਵੱਖ ਵੰਨਗੀਆਂ ਦੇ ਸੈਂਕੜੇ ਲੰਗਰ ਲਾਏ। ਦੇਸ਼-ਭਰ 'ਚੋਂ ਆਉਣ ਵਾਲੀਆਂ ਸੰਗਤਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਐੱਮ. ਐੱਸ. ਜੱਗੀ ਨੇ ਸਮਾਪਤੀ ਸਮਾਗਮ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਪੰਜ-ਰੋਜ਼ਾ ਆਗਮਨ ਪੁਰਬ ਦੌਰਾਨ ਪੰਜਾਬੀ ਭਾਸ਼ਾ, ਕਲਾ, ਵਿਗਿਆਨ, ਸਾਹਿਤ, ਖੇਡਾਂ, ਸੱਭਿਆਚਾਰ ਆਦਿ ਵੰਨਗੀਆਂ ਰਾਹੀਂ ਲੋਕਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਸੱਦਾ ਦਿੱਤਾ ਗਿਆ। ਇਸ ਵਾਰ ਹੋਏ ਆਗਮਨ ਪੁਰਬ ਦੇ ਜਸ਼ਨਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਮੂਲੀਅਤ ਨਹੀਂ ਕੀਤੀ, ਜਦੋਂ ਕਿ ਪਿਛਲੇ ਕਰੀਬ 20 ਸਾਲ ਤੋਂ ਲਗਾਤਾਰ ਸ਼ਮੂਲੀਅਤ ਕਰਦੇ ਰਹੇ ਹਨ।
Powered by Blogger.